Arash Info Corporation

ਚੰਡੀਗੜ੍ਹ ਦੇ ਪਿੰਡਾਂ ਦਾ ਸੈਕਟਰਾਂ ਵਾਂਗ ਵਿਕਾਸ ਹੋਵੇਗਾ: ਮੇਅਰ

05

February

2019

ਚੰਡੀਗੜ੍ਹ, ਚੰਡੀਗੜ੍ਹ ਨਿਗਮ ’ਚ ਸ਼ਾਮਲ ਕੀਤੇ ਪਿੰਡਾਂ ਦੇ ਸਾਬਕਾ ਸਰਪੰਚਾਂ ਨਾਲ ਮੀਟਿੰਗ ਕਰਦੇ ਹੋਏ ਮੇਅਰ ਰਾਜੇਸ਼ ਕਾਲੀਆ ਤੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ। ਚੰਡੀਗੜ੍ਹ ਦੇ ਮੇਅਰ ਰਾਜੇਸ਼ ਕਾਲੀਆ ਨੇ ਚੰਡੀਗੜ੍ਹ ਨਗਰ ਨਿਗਮ ਵਿੱਚ ਸ਼ਾਮਲ ਕੀਤੇ ਗਏ ਪਿੰਡਾਂ ਦੇ ਸਾਬਕਾ ਸਰਪੰਚਾਂ ਦੀ ਅੱਜ ਮੀਟਿੰਗ ਬੁਲਾਈ, ਮੀਟਿੰਗ ਦੌਰਾਨ ਪਿੰਡਾਂ ਲਈ ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਤੇ ਉਨ੍ਹਾਂ ਦੀਆਂ ਹੋਰ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਮੇਅਰ ਨੇ ਇਨ੍ਹਾਂ ਪਿੰਡਾਂ ਦੇ ਸਾਬਕਾ ਸਰਪੰਚ ਵੱਲੋਂ ਪਿੰਡਾਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਮੰਗੀ ਤੇ ਉਨ੍ਹਾਂ ਦਾ ਛੇਤੀ ਹੱਲ ਕੱਢਣ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਮੇਅਰ ਸ਼੍ਰੀ ਕਾਲੀਆ ਨੇ ਪਿੰਡ ਦੇ ਲਾਲ ਡੋਰੇ ਤੋਂ ਬਾਹਰ ਕੀਤੀਆਂ ਗਈਆਂ ਉਸਾਰੀਆਂ ਨੂੰ ਲੈ ਕੇ ਸਾਬਕਾ ਸਰਪੰਚਾਂ ਵਲੋਂ ਇਸ ਮਾਮਲੇ ਬਾਰੇ ਚਰਚਾ ਦੌਰਾਨ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵਲੋਂ ਕੀਤੇ ਗਏ ਐਲਾਨ ਅਨੁਸਾਰ ਅਜਿਹੀਆਂ ਉਸਾਰੀਆਂ ਨੂੰ ਨਿਗਮ ਵੱਲੋਂ ਨਕਸ਼ੇ ਪਾਸ ਕਰਵਾਉਣ ਤੇ ਮਨਜ਼ੂਰੀ ਦੇ ਨਿਯਮਾਂ ’ਚ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੇਅਰ ਨੇ ਮੀਟਿੰਗ ਦੌਰਾਨ ਸਾਬਕਾ ਸਰਪੰਚ ਦੀ ਮੰਗ ’ਤੇ ਭਰੋਸਾ ਦਿੱਤਾ ਕਿ ਪਾਲਤੂ ਜਾਨਵਰਾਂ ਨੂੰ ਲੈ ਕੇ ਨਿਗਮ ਵੱਲੋਂ ਕੋਈ ਪਾਲਿਸੀ ਬਣਾਏ ਜਾਣ ਤੱਕ ਇਨ੍ਹਾਂ ਪਿੰਡਾਂ ’ਚੋਂ ਗਾਵਾਂ, ਮੱਝਾਂ ਤੇ ਹੋਰ ਪਾਲਤੂ ਜਾਨਵਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੇਅਰ ਨੇ ਯਕੀਨ ਦਿਵਾਇਆ ਕਿ ਇਨ੍ਹਾਂ ਪਿੰਡਾਂ ਲਈ ਬੁਨਿਆਦੀ ਢਾਂਚੇ ਨੂੰ ਅਪਗਰੇਡ ਕਰਨ ਲਈ ਨਿਗਮ ਵੱਲੋਂ ਵਿਸ਼ੇਸ਼ ਵਿੱਤ ਪੈਕੇਜ ਤਿਆਰ ਕਰਕੇ ਪ੍ਰਵਾਨਗੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੈਕਟਰਾਂ ਵਾਂਗ ਇਨ੍ਹਾਂ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਸੁਝਾਅ ਲੈਣ ਲਈ ਸਮੇਂ ਸਮੇਂ ’ਤੇ ਇਨ੍ਹਾਂ ਪਿੰਡਾਂ ਦੇ ਪੁਰਾਣੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਉਹਨਾਂ ਦੇ ਸਲਾਹ ਮਸ਼ਵਰੇ ਨਾਲ ਹੀ ਪਿੰਡਾਂ ਦੇ ਵਿਕਾਸ ਕਾਰਜ ਕੀਤੇ ਜਾਣਗੇ। ਮੇਅਰ ਨੇ ਇਨ੍ਹਾਂ ਪਿੰਡਾਂ ਦੇ ਸਾਰੇ ਨੁਮਾਇੰਦਿਆਂ ਨਾਲ ਆਉਣ ਵਾਲੀ 7 ਫਰਵਰੀ ਨੂੰ ਚਾਰ ਵਜੇ ਮੁੜ ਮੀਟਿੰਗ ਸੱਦੀ ਹੈ, ਜਿਸ ’ਚ ਨਗਰ ਨਿਗਮ ਦੇ ਇੰਜ. ਵਿਭਾਗ ਸਣੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਪਿੰਡਾਂ ਦੇ ਬੁਨਿਆਦੀ ਮੁੱਦਿਆਂ ਬਾਰੇ ਚਰਚਾ ਕੀਤੀ ਜਾਵੇਗੀ। ਮੀਟਿੰਗ ਦੌਰਾਨ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ, ਸਾਬਕਾ ਮੇਅਰ ਤੇ ਕੌਂਸਲਰ ਅਰੁਣ ਸੂਦ, ਕੌਂਸਲਰ ਸ਼ਕਤੀ ਪ੍ਰਸਾਦ ਦੇਵਸ਼ਾਲੀ ਸਣੇ ਪਿੰਡਾਂ ਦੇ ਸਾਬਕਾ ਸਰਪੰਚ ਹਾਜ਼ਰ ਸਨ। ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ 8 ਨੂੰ ਮੇਅਰ ਕਾਲੀਆ ਨੇ ਨਿਗਮ ਦੇ 2019-20 ਦੇ ਸਾਲਾਨਾ ਬਜਟ ’ਤੇ ਚਰਚਾ ਕਰਨ ਲਈ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਵਿਸ਼ੇਸ਼ ਮੀਟਿੰਗ 8 ਫਰਵਰੀ ਨੂੰ ਸੱਦੀ ਹੈ ਤੇ 14 ਫਰਵਰੀ ਨੂੰ ਕਮੇਟੀ ਵੱਲੋਂ ਅਨੁਮਾਨਤ ਬਜਟ ਤੇ ਅੰਤਿਮ ਫੈਸਲਾ ਲੈਣ ਲਈ ਨਿਗਮ ਹਾਊਸ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ।