ਮੁੰਬਈ ’ਚ ਪੈਟਰੋਲ 90 ਨੂੰ ਪਾਰ

25

September

2018

ਨਵੀਂ ਦਿੱਲੀ, ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਏ ਉਛਾਲ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਨਿਘਾਰ ਦਾ ਰੁਝਾਨ ਜਾਰੀ ਰਹਿਣ ਕਰਕੇ ਮੁੰਬਈ ਵਿੱਚ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 90 ਰੁਪਏ ਨੂੰ ਵੀ ਟੱਪ ਗਈ। ਸਰਕਾਰੀ ਮਾਲਕੀ ਵਾਲੀਆਂ ਤੇਲ ਫਰਮਾਂ ਵੱਲੋਂ ਕੀਮਤਾਂ ਬਾਰੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਕ੍ਰਮਵਾਰ ਪ੍ਰਤੀ ਲਿਟਰ 11 ਤੇ ਪੰਜ ਪੈਸੇ ਦਾ ਇਜ਼ਾਫ਼ਾ ਹੋਇਆ ਹੈ। ਸ਼ੁੱਕਰਵਾਰ ਨੂੰ ਵਧੀਆਂ ਕੀਮਤਾਂ ਮਗਰੋਂ ਦਿੱਲੀ ’ਚ ਪੈਟਰੋਲ 82.72 ਰੁਪਏ ਪ੍ਰਤੀ ਲਿਟਰ ਨੂੰ ਪੁੱਜ ਗਿਆ ਜਦੋਂ ਕਿ ਡੀਜ਼ਲ 74.02 ਰੁਪਏ ਪ੍ਰਤੀ ਲਿਟਰ ਨੂੰ ਜਾ ਪੁੱਜਾ ਹੈ। ਵਪਾਰਕ ਰਾਜਧਾਨੀ ਮੁੰਬਈ ਵਿੱਚ ਪਹਿਲੀ ਵਾਰ ਪੈਟਰੋਲ 90 ਰੁਪਏ ਦੇ ਨਿਸ਼ਾਨ ਨੂੰ ਟੱਪਿਆ। ਸ਼ਹਿਰ ਦੇ ਭਾਰਤੀ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਪੰਪਾਂ ’ਤੇ ਪੈਟਰੋਲ 90.08 ਰੁਪਏ ਜਦੋਂਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐਲ) ਦੇ ਆਊਟਲੈੱਟਾਂ ਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਦੇ ਸਟੇਸ਼ਨਾਂ ’ਤੇ ਕ੍ਰਮਵਾਰ 90.17 ਤੇ 90.14 ਰੁਪਏ ਪ੍ਰਤੀ ਲਿਟਰ ਰਿਹਾ। ਘੱਟ ਟੈਕਸਾਂ ਕਰਕੇ ਸਾਰੇ ਮਹਾਨਗਰਾਂ ਵਿੱਚੋਂ ਦਿੱਲੀ ਵਿੱਚ ਤੇਲ ਕੀਮਤਾਂ ਸਭ ਤੋਂ ਘੱਟ ਹੁੰਦੀਆਂ ਹਨ ਜਦੋਂਕਿ ਮੁੰਬਈ ਵਿੱਚ ਤੇਲ ’ਤੇ ਵਿਕਰੀ ਟੈਕਸ ਜਾਂ ਵੈਟ ਸਭ ਤੋਂ ਵੱਧ ਲਗਦਾ ਹੈ। ਤੇਲ ਕੰਪਨੀਆਂ ਮੁਤਾਬਕ ਪੈਟਰੋਲ ਦਾ ਰਿਫਾਇਨਰੀ ਗੇਟ ਮੁੱਲ (ਕਿਸੇ ਵੀ ਕੇਂਦਰੀ ਜਾਂ ਸੂਬਾਈ ਟੈਕਸ ਅਤੇ ਡੀਲਰ ਦੇ ਕਮਿਸ਼ਨ ਤੋਂ ਬਗੈਰ) 42.04 ਰੁਪਏ ਪ੍ਰਤੀ ਲਿਟਰ ਪੈਂਦਾ ਹੈ। ਡੀਜ਼ਲ ਲਈ ਇਹ ਅੰਕੜਾ 45.34 ਰੁਪਏ ਹੈ। ਤੇਲ ਦੀ ਪ੍ਰਚੂਨ ਕੀਮਤ ਐਕਸਾਈਜ਼ ਟੈਕਸ, ਜੋ ਕਿ ਕੇਂਦਰ ਸਰਕਾਰ ਵੱਲੋਂ ਲਾਇਆ ਜਾਂਦਾ ਹੈ, ਅਤੇ ਪੈਟਰੋਲ ਪੰਪ ਡੀਲਰਾਂ ਨੂੰ ਦਿੱਤੇ ਜਾਂਦੇ ਕਮਿਸ਼ਨ ਤੇ ਵੈਟ(ਜੋ ਸੂਬਾਈ ਸਰਕਾਰਾਂ ਲਾਉਂਦੀਆਂ ਹਨ) ਨੂੰ ਜੋੜਨ ਮਗਰੋਂ ਮਿੱਥੀ ਜਾਂਦੀ ਹੈ।