Arash Info Corporation

ਸਿਆਸੀ ਪ੍ਰਚਾਰ: ਕੈਪਟਨ ਸਰਕਾਰ ਵੱਲੋਂ ‘ਨਾਜਾਇਜ਼ ਬੋਰਡਾਂ’ ਦਾ ਸਹਾਰਾ

07

January

2019

ਲੁਧਿਆਣਾ, ਸੂਬੇ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਤੇ ਹਰ ਘਰ ਨੌਕਰੀ ਦੇਣ ਦੇ ਵਾਅਦੇ ਪੂਰੇ ਨਾ ਕਰਨ ਕਰਕੇ ਵਿਰੋਧੀਆਂ ਵਿਚ ਘਿਰੀ ਰਹਿਣ ਵਾਲੀ ਸੂਬੇ ਦੀ ਕੈਪਟਨ ਸਰਕਾਰ ਨੇ 21 ਮਹੀਨਿਆਂ ਵਿਚ ਕੀਤੇ ਆਪਣੇ ਕੰਮ ਗਿਣਾਉਣ ਲਈ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿਚ ਆਪਣੀਆਂ ਉਪਲੱਬਧੀਆਂ ਵਾਲੇ ਬੋਰਡ ਲਗਾਏ ਹਨ। ਸਨਅਤੀ ਸ਼ਹਿਰ ਵਿਚ ਨਗਰ ਨਿਗਮ ਦੇ ਯੂਨੀਪੋਲਾਂ ’ਤੇ ਕੈਪਟਨ ਸਰਕਾਰ ਨੇ ਬਿਨਾਂ ਮਨਜ਼ੂਰੀ ਹੀ ਨਾਜਾਇਜ਼ ਬੋਰਡ ਲਗਾ ਦਿੱਤੇ ਹਨ। ਇਨ੍ਹਾਂ ਬੋਰਡਾਂ ਬਾਰੇ ਨਗਰ ਨਿਗਮ ਦੇ ਅਫ਼ਸਰਾਂ ਨੇ ਵੀ ਚੁੱਪੀ ਧਾਰੀ ਹੋਈ ਹੈ। ਨਗਰ ਨਿਗਮ ਦੇ ਡੀ ਜ਼ੋਨ ਦਫ਼ਤਰ ਦੇ ਬਿਲਕੁਲ ਨੇੜੇ ਵੀ ਇਹ ਬੋਰਡ ਲਗਾਏ ਹੋਏ ਹਨ ਪਰ ਅਫ਼ਸਰਾਂ ਨੂੰ ਇਹ ਦਿਖ ਨਹੀਂ ਰਹੇ। ਲੋਕ ਸਭਾ ਚੋਣਾਂ ਨੇੜੇ ਹਨ ਤੇ ਵਿਰੋਧੀ ਧਿਰ, ਸੂਬੇ ਦੀ ਕੈਪਟਨ ਸਰਕਾਰ ਨੂੰ ਸਮਾਰਟ ਫੋਨ, ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦੇ ਕੀਤੇ ਵਾਅਦਿਆਂ ਤੇ ਹੋਰ ਕਈ ਮੁੱਦਿਆਂ ’ਤੇ ਘੇਰ ਰਹੀ ਹੈ। ਅਜਿਹੇ ਵਿਚ ਕੈਪਟਨ ਸਰਕਾਰ ਨੇ ਵਿਰੋਧੀਆਂ ਦੇ ਵਾਰਾਂ ਦਾ ਜਵਾਬ ਦਿੰਦਿਆਂ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿਚ 21 ਮਹੀਨਿਆਂ ਵਿਚ ਕੀਤੇ ਆਪਣੇ ਕੰਮਾਂ ਦਾ ਪ੍ਰਚਾਰ ਕਰਨ ਲਈ ਇਸ਼ਤਿਹਾਰੀ ਬੋਰਡ ਲਗਾ ਦਿੱਤੇ ਹਨ। ਸਨਅਤੀ ਸ਼ਹਿਰ ਵਿੱਚ ਨਗਰ ਨਿਗਮ ਦੇ ਕਰੀਬ 85 ਯੂਨੀਪੋਲ ਲੱਗੇ ਹੋਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਕੈਪਟਨ ਸਰਕਾਰ ਨੇ ਆਪਣੇ ਪ੍ਰਚਾਰ ਲਈ ਕਬਜ਼ੇ ਹੇਠ ਲੈ ਲਏ ਹਨ। ਇਨ੍ਹਾਂ ਬੋਰਡਾਂ ’ਤੇ ਕੈਪਟਨ ਸਰਕਾਰ ਨੇ ਇਸ਼ਤਿਹਾਰ ਲਗਾਏ ਹੋਏ ਹਨ। ਬੋਰਡਾਂ ’ਤੇ ਲਿਖਿਆ ਗਿਆ ਹੈ ਕਿ ਕੈਪਟਨ ਸਰਕਾਰ ਦੇ 21 ਮਹੀਨਿਆਂ ਵਿਚ ਨਿਵੇਸ਼ ਤੇ ਆਰਥਿਕਤਾ ਦੇ ਖੇਤਰ ਵਿੱਚ 36000 ਕਰੋੜ ਦਾ ਨਿਵੇਸ਼, ਵਿੱਤੀ ਘਾਟ 12.5 ਫ਼ੀਸਦੀ ਤੋਂ ਘਟ ਕੇ 2.65 ਫ਼ੀਸਦੀ ਹੋਈ ਹੈ। ਇਸੇ ਵਿਚ ਕਿਸਾਨਾਂ ਦੇ ਕਰਜ਼ਾ ਮੁਆਫ਼ੀ, ਸੂਬੇ ਦੀਆਂ ਸੜਕਾਂ, ਬਿਜਲੀ ਵਿਭਾਗ ਤੇ ਹੋਰਨਾਂ ਖੇਤਰਾਂ ਵਿਚ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੱਸੀ ਗਈ ਹੈ। ਇਹ ਬੋਰਡ ਸ਼ਹਿਰ ਦੇ ਨਾਲ ਨਾਲ ਪੇਂਡੂ ਖੇਤਰਾਂ ਵਿਚ ਵੀ ਦੇਖਣ ਨੂੰ ਮਿਲ ਰਹੇ ਹਨ।