ਮਾਈਨਿੰਗ ਮਾਫੀਆ ਨੇ ਘੱਗਰ ’ਤੇ ਉਸਾਰਿਆ ਨਾਜਾਇਜ਼ ਪੁਲ

07

January

2019

ਡੇਰਾਬੱਸੀ, ਹਲਕਾ ਡੇਰਾਬੱਸੀ ਵਿੱਚ ਪੰਚਾਇਤੀ ਚੋਣਾਂ ਮਗਰੋਂ ਮਾਈਨਿੰਗ ਮਾਫੀਆ ਮੁੜ ਸਰਗਰਮ ਹੋ ਗਿਆ ਹੈ। ਮਾਫੀਆ ਦੇ ਹੌਸਲੇ ਐਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਘੱਗਰ ਨਦੀ ਤੋਂ ਮਾਈਨਿੰਗ ਦੀ ਗੱਡੀਆਂ ਲੰਘਾਉਣ ਲਈ ਨਾਜਾਇਜ਼ ਪੁਲ ਉਸਾਰ ਲਿਆ ਹੈ। ਇਸ ਨਾਲ ਘੱਗਰ ਨਦੀ ਦੇ ਪਾਣੀ ਦੇ ਵਹਾਅ ਵਿੱਚ ਅੜਿੱਕਾ ਪੈਦਾ ਹੋ ਰਿਹਾ ਹੈ ਜੋ ਕਿ ਮੀਂਹ ਦੇ ਦਿਨਾਂ ਵਿੱਚ ਨੇੜਲੇ ਪਿੰਡਾਂ ਲਈ ਇਹ ਵੱਡਾ ਖਤਰਾ ਬਣ ਸਕਦਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਥੋਂ ਲੰਘਣ ਵਾਲੀ ਘੱਗਰ ਨਦੀ ਅਤੇ ਨੇੜਲੀ ਜ਼ਮੀਨਾਂ ਵਿੱਚ ਮਾਈਨਿੰਗ ਮਾਫੀਆ ਵੱਲੋਂ ਗੈਰਕਾਨੂੰਨੀ ਢੰਗ ਨਾਲ ਰੇਤ, ਗਰੈਵਲ ਅਤੇ ਮਿੱਟੀ ਦੀ ਤਸਕਰੀ ਕੀਤੀ ਜਾ ਰਹੀ ਹੈ। ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਈਨਿੰਗ ਰੁੱਕ ਗਈ ਸੀ ਪਰ ਹੁਣ ਚੋਣਾਂ ਮਗਰੋਂ ਮੁੜ ਤੋਂ ਮਾਫੀਆ ਸਰਗਰਮ ਹੋ ਗਿਆ ਹੈ। ਰਾਤ ਹੁੰਦੇ ਹੀ ਘੱਗਰ ਨਦੀ ਵਿੱਚ ਮਾਈਨਿੰਗ ਮਾਫੀਆ ਟਰੈਕਟਰ-ਟਰਾਲੀਆਂ ਤੇ ਟਿੱਪਰਾਂ ਰਾਹੀਂ ਰੇਤ ਤੇ ਗਰੈਵਲ ਨੂੰ ਹੋਰਨਾਂ ਥਾਵਾਂ ’ਤੇ ਲਿਜਾਉਂਦਾ ਹੈ। ਪਹਿਲਾਂ ਮਾਈਨਿੰਗ ਮਾਫੀਆ ਵੱਲੋਂ ਮੁਬਾਰਿਕਪੁਰ ਘੱਗਰ ਨਦੀ ’ਤੇ ਹਲਕੇ ਵਾਹਨਾਂ ਲਈ ਬਣਾਏ ਕਾਜ਼ਵੇਅ ਦੇ ਬੈਰੀਕੇਡ ਤੋੜੇ ਗਏ ਸਨ। ਹੁਣ ਤਾਂ ਮਾਫੀਆ ਵੱਲੋਂ ਕਕਰਾਲੀ ਘੱਗਰ ਨਦੀ ਵਿਖੇ ਮਾਈਨਿੰਗ ਦੀਆਂ ਗੱਡੀਆਂ ਲੰਘਾਉਣ ਲਈ ਪਾਈਪਾਂ ਪਾ ਕੇ ਨਾਜਾਇਜ਼ ਪੁਲ ਉਸਾਰ ਲਿਆ ਗਿਆ ਹੈ। ਡਰੇਨੇਜ ਵਿਭਾਗ ਨੇ ਮਾਮਲੇ ਨੂੰ ਦੱਸਿਆ ਗੰਭੀਰ ਡਰੇਨੇਜ਼ ਵਿਭਾਗ ਦੇ ਐਸਡੀਓ ਰਾਘਵ ਗਰਗ ਨੇ ਕਿਹਾ ਘੱਗਰ ਦੇ ਪਾਣੀ ’ਚ ਬਿਨਾਂ ਮਨਜ਼ੂਰੀ ਤੋਂ ਪੁਲ ਨਹੀਂ ਉਸਾਰਿਆ ਜਾ ਸਕਦਾ ਤੇ ਮਾਈਨਿੰਗ ਮਾਫੀਆ ਵੱਲੋਂ ਕੀਤੀ ਗਈ ਇਹ ਕਾਰਵਾਈ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਪੁਲ ਨੂੰ ਹਟਾਉਣ ਤੋਂ ਇਲਾਵਾ ਉਸਾਰੀ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਏਗੀ। ਇਸੇ ਦੌਰਾਨ ਮਾਈਨਿੰਗ ਵਿਭਾਗ ਦੇ ਐਸਡੀਓ ਭਾਗ ਸਿੰਘ ਨੇ ਵੀ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ ਪਰ ਮੌਕੇ ਦਾ ਦੌਰਾ ਕਰ ਕਾਰਵਾਈ ਕੀਤੀ ਜਾਵੇਗੀ।