ਪਾਰਕਿੰਗ ਦੀ ਘਾਟ ਤੇ ਟਰੈਫਿਕ ਪੁਲੀਸ ਦੀ ਸਖ਼ਤੀ ਤੋਂ ਚੰਡੀਗਡ਼੍ਹ ਵਾਸੀ ਔਖੇ

30

November

2018

ਚੰਡੀਗਡ਼੍ਹ, ਚੰਡੀਗਡ਼੍ਹ ਵਿਚ ਪਾਰਕਿੰਗ ਦੀ ਘਾਟ ਅਤੇ ਟਰੈਫਿਕ ਪੁਲੀਸ ਦੀ ਸਖ਼ਤੀ ਨੇ ਚੰਡੀਗਡ਼੍ਹੀਆਂ ਲਈ ਨਵੀਆਂ ਮੁਸੀਬਤਾਂ ਖਡ਼੍ਹੀਆਂ ਕਰ ਦਿੱਤੀਆਂ ਹਨ। ਸ਼ਹਿਰ ਦੇ ਤਕਰੀਬਨ ਹਰੇਕ ਹਿੱਸੇ ਅਤੇ ਮਾਰਕੀਟਾਂ ਵਿਚ ਵਾਹਨ ਖਡ਼੍ਹੇ ਕਰਨ ਲਈ ਪਾਰਕਿੰਗਾਂ ਦੀ ਘਾਟ ਹੈ ਅਤੇ ਲੋਕ ਸਡ਼ਕਾਂ ਕਿਨਾਰੇ ਵਾਹਨ ਖਡ਼੍ਹੇ ਕਰਨ ਲਈ ਮਜਬੂਰ ਹਨ। ਹੁਣ ਟਰੈਫਿਕ ਪੁਲੀਸ ਨੇ ਅਜਿਹੀਆਂ ਥਾਵਾਂ ’ਤੇ ਖਡ਼੍ਹੇ ਵਾਹਨਾਂ ਨੂੰ ਜ਼ਬਤ ਕਰਨ ਦੀ ਕਾਰਵਾੲੀ ਤੇਜ਼ ਕਰ ਦਿੱਤੀ ਹੈ। ਲੋਕਾਂ ਨੂੰ ਜ਼ਬਤ ਹੋਏ ਵਾਹਨਾਂ ਨੂੰ ਛੁਡਵਾਉਣ ਲਈ ਸੈਕਟਰ-23 ਦੇ ਟਰੈਫਿਕ ਪਾਰਕ ਅਤੇ ਟਰੈਫਿਕ ਪੁਲੀਸ ਲਾਈਨ ਸੈਕਟਰ-29 ਵਿਚ ਜਾ ਕੇ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਜੁਰਮਾਨੇ ਵੀ ਤਾਰਨੇ ਪੈਂਦੇ ਹਨ।ਜ਼ਿਕਰਯੋਗ ਹੈ ਕਿ ਟਰੈਫਿਕ ਦੀ ਸਮੱਸਿਆ ਬਾਰੇ 19 ਨਵੰਬਰ ਨੂੰ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਅਦਾਲਤ ਨੇ ਚੰਡੀਗਡ਼੍ਹ ਟਰੈਫਿਕ ਪੁਲੀਸ ਨੂੰ ਫਟਕਾਰ ਲਾਈ ਸੀ। ਅਦਾਲਤ ਨੇ ਕਿਹਾ ਸੀ ਕਿ ਫੁਟਪਾਥਾਂ ’ਤੇ ਵਾਹਨ ਖਡ਼੍ਹੇ ਕਰਨ ਵਾਲਿਆਂ ਖਿਲਾਫ ਐਫਆਰਆਈ ਦਰਜ ਕੀਤੀ ਜਾਵੇ ਕਿਉਂਕਿ ਵਾਹਨ ਚਾਲਕ ਪੈਦਲ ਚਲਣ ਵਾਲਿਆਂ ਦਾ ਰਸਤਾ ਬੰਦ ਕਰ ਰਹੇ ਹਨ। ਹਾਈ ਕੋਰਟ ਦੇ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਟਰੈਫਿਕ ਪੁਲੀਸ ਨੇ ਸਡ਼ਕਾਂ ਦੇ ਬਰਮਾਂ ਤੇ ਫੁਟਪਾਥਾਂ ’ਤੇ ਖਡ਼੍ਹੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਟਰੈਫਿਕ ਪੁਲੀਸ ਦੇ ਐਸਐਸਪੀ ਨੇ ਛੇ ਟੀਮਾਂ ਬਣਾਈਆਂ ਹਨ। ਇਹ ਟੀਮਾਂ 20 ਨਵੰਬਰ ਤੋਂ ਫੁਟਪਾਥਾਂ ਅਤੇ ਗਲਤ ਥਾਵਾਂ ’ਤੇ ਖਡ਼੍ਹੇ ਵਾਹਨਾਂ ਦੇ ਪਹੀਆਂ ਨੂੰ ਕਲੰਪਾਂ ਨਾਲ ਜਕਡ਼ ਕੇ ਚਲਾਨ ਕੱਟਣ ਦੀ ਮੁਹਿੰਮ ਚਲਾ ਰਹੀ ਹੈ। ਜਿਹਡ਼ਾ ਵਾਹਨ ਚਾਲਕ ਕਲੰਪ ਲਾਉਣ ਤੋਂ ਬਾਅਦ ਮੌਕੇ ’ਤੇ ਆ ਜਾਂਦਾ ਹੈ, ਉਸ ਦਾ 300 ਰੁਪਏ ਅਤੇ ਜਿਹਡ਼ਾ ਵਾਹਨ ਟਰੈਫਿਕ ਪੁਲੀਸ ਲਾਈਨ ਪਹੁੰਚਾ ਦਿੱਤਾ ਜਾਂਦਾ ਹੈ, ਉਸ ਦਾ 1500 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ। ਪੁਲੀਸ ਨੇ 20 ਨਵੰਬਰ ਨੂੰ ਗਲਤ ਪਾਰਕਿੰਗ ਦੇ 104 ਅਤੇ 22 ਨਵੰਬਰ ਨੂੰ 314 ਚਲਾਨ ਕੱਟੇ ਸਨ। ਪਾਰਕਿੰਗ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਅਪੀਲ ਰੈਜ਼ੀਡੈਂਟਸ ਐਸੋਸੀਏਸ਼ਨਾਂ ਦੀ ਫੈਡਰੇਸ਼ਨ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਨੇ ਕਿਹਾ ਹੈ ਕਿ ਗਲਤ ਪਾਰਕਿੰਗ ਕਰਨ ਵਾਲੇ ਵਾਹਨ ਚਾਲਕ ਦਾ ਚਲਾਨ ਕੱਟਣ ਦੇ ਉਹ ਹਾਮੀ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਲੋਡ਼ੀਂਦੀ ਪਾਰਕਿੰਗ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਧੇਰੇ ਸੈਕਟਰਾਂ ਵਿਚ ਪ੍ਰਸ਼ਾਸਨ ਲੋਕਾਂ ਨੂੰ ਲੋਡ਼ੀਂਦੀ ਪਾਰਕਿੰਗ ਮੁਹੱਈਆ ਨਹੀਂ ਕਰਵਾ ਸਕਿਆ, ਜਿਸ ਕਾਰਨ ਟਰੈਫਿਕ ਪੁਲੀਸ ਨੂੰ ਗਲਤ ਪਾਰਕਿੰਗ ਦਾ ਚਲਾਨ ਕੱਟਣ ਦਾ ਕੋਈ ਹੱਕ ਨਹੀਂ ਹੈ।