Arash Info Corporation

ਸਿਸੋਦੀਆ ਵੱਲੋਂ ਅਧਿਆਪਕਾਂ ਨਾਲ ਮੀਟਿੰਗ

16

November

2018

ਨਵੀਂ ਦਿੱਲੀ, ਦਿੱਲੀ ਦੇ ਉਪ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਬੈਠਕ ਕੀਤੀ ਤੇ ਉਨ੍ਹਾਂ ਇਸ ਸੰਵਾਦ ਦੌਰਾਨ ਅਧਿਆਪਕਾਂ ਨੂੰ ‘ਅਸੀਂ ਹਾਂ ਸਕੂਲ ਲੀਡਰ’ ਦਾ ਨਵਾਂ ਮੰਤਰ ਦਿੱਤਾ। ਸ੍ਰੀ ਸਿਸੋਦੀਆ ਵੱਲੋਂ ਇਸ ਸੰਵਾਦ ਤਹਿਤ 50-50 ਸਕੂਲਾਂ ਦੇ ਅਧਿਆਪਕਾਂ ਦੇ ਗਰੁੱਪ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਅੱਜ ਐਸਐਮਸੀ (ਸਕੂਲ ਮੈਨੇਜਮੈਂਟ ਕਮੇਟੀ) ਫੰਡਾਂ ਤੇ ਹੈਪੀਨੈਸ ਕਰੀਕੁਲਮ ਨੂੰ ਲੈ ਕੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨਾਲ ਚਰਚਾ ਕੀਤੀ ਤੇ ਐਲਾਨ ਕੀਤਾ ਕਿ ਜੋ ਸਕੂਲ ਮੁਖੀ ਇਸ ਫੰਡ ਤਹਿਤ ਵਧੀਆ ਕੰਮ ਕਰਕੇ ਦਿਖਾਉਣਗੇ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ। ਦਿੱਲੀ ਸਕੱਤਰੇਤ ਵਿੱਚ ਅੱਜ ਉਹ 50-50 ਦੇ ਤਿੰਨ ਸਮੂਹਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਦਿੱਲੀ ਸਰਕਾਰ ਦੀ ਸਿੱਖਿਆ ਨੀਤੀ ਨੂੰ ਹੋਰ ਬਿਹਤਰ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਸਮਝਦਾਰੀ ਨਾਲ ਇਹ ਫੰਡ ਇਸਤੇਮਾਲ ਕਰਕੇ 200 ਘੰਟੇ ਲਈ ਅਧਿਆਪਕ ਲਾਏ ਜਾ ਸਕਦੇ ਹਨ, ਮਾਲੀ ਲਾਏ ਜਾਣ ਸਮੇਤ ਸਫ਼ਾਈ ਅਤੇ ਵਾਧੂ ਲੋਕ ਲਾ ਕੇ ਵੱਖ-ਵੱਖ ਵਿਸ਼ਿਆਂ ਦੇ ਮਾਹਰ ਬੁਲਾਏ ਜਾ ਸਕਦੇ ਹਨ। 9ਵੀਂ ਤੇ 10ਵੀਂ ਦੇ ਬੱਚਿਆਂ ਨੂੰ ਕੁੱਝ ਵਿਸ਼ੇ ਸਮਝਣ ਵਿੱਚ ਮੁਸ਼ਕਲ ਆ ਸਕਦੀ ਹੈ ਤਾਂ ਉਸ ਲਈ ਮਾਹਰ ਬੁਲਾਉਣ ਲਈ ਇਹ ਫੰਡ ਇਸਤੇਮਾਲ ਕੀਤੇ ਜਾ ਸਕਦੇ ਹਨ। ਇਸ ਫੰਡ ਤਹਿਤ 5 ਲੱਖ ਰੁਪਏ ਤਕ ਦਿੱਤੇ ਜਾਂਦੇ ਹਨ ਤੇ ਇਸ ਦੀ ਕਮੇਟੀ ਵਿੱਚ ਮੁਖੀ ਪ੍ਰਿੰਸੀਪਲ ਨੂੰ ਬਣਾਇਆ ਜਾਂਦਾ ਹੈ ਤੇ ਦੋ ਅਧਿਆਪਕ, ਦੋ ਸਮਾਜ ਸੇਵੀ ਤੇ ਚੁਣੇ ਹੋਏ 12 ਮਾਪੇ ਸ਼ਾਮਲ ਕੀਤੇ ਜਾਂਦੇ ਹਨ।