ਮਾਡਲ ਨਾਲ ਬਲਾਤਕਾਰ ਦੇ ਮਾਮਲੇ ਨੇ ਲਿਆ ਨਵਾਂ ਮੋੜ

13

November

2018

ਚੰਡੀਗੜ੍ਹ, ਇੱਥੇ ਸੈਕਟਰ 63 ਦੇ ਇੱਕ ਫਲੈਟ ਵਿੱਚ ਲੰਘੀ 9 ਨਵੰਬਰ ਨੂੰ ਇੱਕ ਮਾਡਲ ਨਾਲ ਬਲਾਤਕਾਰ ਹੋਣ ਦਾ ਮਾਮਲਾ ਨਵੀਆਂ ਕਰਵਟਾਂ ਲੈ ਰਿਹਾ ਹੈ। ਮੁਲਜ਼ਮ ਜੋ ਪੰਜਾਬ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਗੁੱਟ ਦਾ ਆਗੂ ਵੀ ਰਹਿ ਚੁੱਕਾ ਹੈ, ਨੇ ਅੱਜ ਫੋਨ ’ਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ। ਪੁਲੀਸ ਵੱਲੋਂ ਬਲਾਤਕਾਰ ਦੇ ਕੇਸ ਵਿੱਚ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਬਲਜੀਤ ਚੌਧਰੀ ਨੇ ਕਿਹਾ ਕਿ ਉਸ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ ਕਿਉਂਕਿ ਪੀੜਤ ਮਾਡਲ ਤਾਂ ਉਸ ਦੀ ਇਕ ਸਾਲ ਤੋਂ ਦੋਸਤ ਸੀ। ਉਸ ਨੇ ਕਿਹਾ ਕਿ ਪੀੜਤ ਲੜਕੀ ਤੇ ਹੋਰ ਦੋਸਤਾਂ ਨਾਲ ਉਹ ਕਈ ਵਾਰ ਕਲੱਬ ਆਦਿ ਵੀ ਗਏ ਹਨ ਅਤੇ ਉਹ ਇਕ-ਦੂਸਰੇ ਨੂੰ ਜਾਣਦੇ ਹਨ। ਉਸ ਨੇ ਕਿਹਾ ਕਿ ਘਟਨਾ ਵਾਲੇ ਦਿਨ ਉਹ ਆਪਣੇ ਦੋਸਤਾਂ ਭਵਜੀਤ ਗਿੱਲ ਅਤੇ ਮੋਟੂ ਨਾਲ ਬੀਐੱਮਡਬਲਿਊ ਕਾਰ ਰਾਹੀਂ ਮਾਡਲ ਦੇ ਫਲੈਟ ’ਤੇ ਗਏ ਸਨ। ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਉਸ ਦਿਨ ਸ਼ਿਕਾਇਤਕਰਤਾ ਦੇ ਫਲੈਟ ਵਿੱਚ ਨਹੀਂ ਜਾਣਾ ਚਾਹੁੰਦਾ ਸੀ ਅਤੇ ਕਾਰ ਵਿੱਚ ਹੀ ਬੈਠਾ ਰਿਹਾ ਸੀ ਪਰ ਮਾਡਲ ਅਤੇ ਉਸ ਦੀ ਸਹੇਲੀ ਨੇ ਹੀ ਉਸ ਨੂੰ ਫਲੈਟ ਵਿੱਚ ਜਾਣ ਲਈ ਜ਼ੋਰ ਪਾਇਆ ਸੀ। ਦੂਜੇ ਪਾਸੇ ਪੀੜਤ ਵੱਲੋਂ ਪੁਲੀਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਉਹ ਮੁਲਜ਼ਮ ਨੂੰ ਜਾਣਦੀ ਨਹੀਂ ਹੈ। ਮੁਲਜ਼ਮ ਨੇ ਦੋਸ਼ ਲਾਇਆ ਕਿ ਇਕ ਸਾਜ਼ਿਸ਼ ਤਹਿਤ ਹੀ ਉਸ ਨੂੰ ਬਲਾਤਕਾਰ ਦੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲੀਸ ਮੁਲਜ਼ਮ ਬਲਜੀਤ ਚੌਧਰੀ ਨੂੰ ਗ੍ਰਿਫਤਾਰ ਕਰਨ ਲਈ ਪਿਛਲੇ ਤਿੰਨ ਦਿਨਾਂ ’ਚ ਕਈ ਥਾਵਾਂ ’ਤੇ ਛਾਪੇ ਮਾਰ ਚੁੱਕੀ ਹੈ। ਪੁਲੀਸ ਨੇ ਘਟਨਾ ਤੋਂ ਬਾਅਦ ਮੁਲਜ਼ਮ ਦੀ ਪਛਾਣ ਫੇਸਬੁੱਕ ਰਾਹੀਂ ਕੀਤੀ ਸੀ। ਪੁਲੀਸ ਨੇ ਮਾਡਲ ਦੇ ਬਿਆਨਾਂ ’ਤੇ ਕੇਸ ਦਰਜ ਕਰਨ ਤੋਂ ਬਾਅਦ ਬਾਕਾਇਦਾ ਅਦਾਲਤ ਵਿੱਚ ਧਾਰਾ 164 ਦੇ ਬਿਆਨ ਵੀ ਦਰਜ ਕਰਵਾਏ ਹਨ ਜਿਸ ਵਿੱਚ ਪੀੜਤਾ ਨੇ ਦੱਸਿਆ ਹੈ ਕਿ ਮੁਲਜ਼ਮ ਕੋਲ ਘਟਨਾ ਮੌਕੇ ਇਕ ਛੋਟਾ ਜਿਹਾ ਹਥਿਆਰ ਵੀ ਸੀ ਅਤੇ ਮੁਲਜ਼ਮ ਨੇ ਡਰਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਇਸ ਦੌਰਾਨ ਉਸ ਦੇ ਕੱਪੜੇ ਵੀ ਪਾੜ ਦਿੱਤੇ ਸਨ। ਪੁਲੀਸ ਅਨੁਸਾਰ ਮੁਲਜ਼ਮ ਵਿਰੁੱਧ ਪਹਿਲਾਂ ਵੀ ਚੰਡੀਗੜ੍ਹ ਅਤੇ ਪੰਜਾਬ ਵਿੱਚ ਕਈ ਅਪਰਾਧਿਕ ਕੇਸ ਦਰਜ ਹਨ ਅਤੇ ਉਹ ਪਹਿਲਾਂ ਵੀ ਕਈ ਕੇਸਾਂ ਵਿੱਚ ਭਗੌੜਾ ਹੈ। ਸੂਤਰਾਂ ਅਨੁਸਾਰ ਚੰਡੀਗੜ੍ਹ ਪੁਲੀਸ ਨੇ ਮੁਲਜ਼ਮ ਦੀ ਜਾਣਕਾਰੀ ਪੰਜਾਬ ਪੁਲੀਸ ਨਾਲ ਵੀ ਸਾਂਝੀ ਕੀਤੀ ਹੈ ਅਤੇ ਪੰਜਾਬ ਪੁਲੀਸ ਵੀ ਮੁਲਜ਼ਮ ਦੀ ਸੂਹ ਲੈ ਰਹੀ ਹੈ। ਚੰਡੀਗੜ੍ਹ ਪੁਲੀਸ ਦੀਆਂ ਕਈ ਟੀਮਾਂ ਮੁਲਜ਼ਮ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।