Arash Info Corporation

ਪਟਿਆਲਾ ਮੋਰਚਾ: ਹਾਅ ਦਾ ਨਾਅਰਾ ਮਾਰਨ ਵਾਲੇ ਅਧਿਆਪਕ ‘ਬਾਰਡਰ’ ਉੱਤੇ ਭੇਜੇ

30

October

2018

ਬਠਿੰਡਾ, ਪਟਿਆਲਾ ਵਿੱਚ ਮੋਰਚਾ ਲਾਈ ਬੈਠੇ ਅਧਿਆਪਕਾਂ ਦੀ ਹਮਾਇਤ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਨੇ ਤਬਾਦਲੇ ਕਰ ਕੇ ਬਾਰਡਰ ਦੇ ਸਕੂਲਾਂ ਵਿੱਚ ਭੇਜ ਦਿੱਤਾ ਹੈ। ਕਿਸੇ ਅਧਿਆਪਕ ਨੂੰ ਦੋ ਸੌ ਕਿਲੋਮੀਟਰ ਦੂਰ ਬਦਲਿਆ ਗਿਆ ਹੈ ਤੇ ਕਿਸੇ ਨੂੰ ਡੇਢ ਸੌ ਕਿਲੋਮੀਟਰ ਦੂਰ। ਸਭ ਤਬਾਦਲੇ ਪ੍ਰਬੰਧਕੀ ਆਧਾਰ ‘ਤੇ ਕੀਤੇ ਗਏ ਹਨ। ‘ਪੜ੍ਹੋ ਪੰਜਾਬ’ ਦੇ ਸਮਾਰੋਹਾਂ ਦੇ ਬਾਈਕਾਟ ਵਿੱਚ ਨਿੱਤਰੇ ਜ਼ਿਲ੍ਹਾ ਮਾਨਸਾ ਦੇ ਤਿੰਨ ਅਧਿਆਪਕਾਂ ਦਾ ਤਬਾਦਲਾ ਅੱਜ ਖੇਮਕਰਨ ਇਲਾਕੇ ਵਿੱਚ ਕੀਤਾ ਗਿਆ ਹੈ। ਭਖੇ ਹੋਏ ਪਟਿਆਲਾ ਮੋਰਚੇ ਨੂੰ ਠਾਰਨ ਲਈ ਅਜਿਹੀ ਨਵੀਂ ਨੀਤੀ ਘੜੀ ਜਾਪਦੀ ਹੈ। ਵੇਰਵਿਆਂ ਅਨੁਸਾਰ ਸਿੱਖਿਆ ਵਿਭਾਗ ਨੇ ਸਰਕਾਰੀ ਮਿਡਲ ਸਕੂਲ ਡੂੰਮਵਾਲੀ (ਬਠਿੰਡਾ) ਦੇ ਚਾਰ ਅਧਿਆਪਕਾਂ ਵਿੱਚੋਂ ਰਾਜੀਵ ਤੇ ਮਮਤਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੇ ਸੋਨੀਆ ਪਾਤਰਾ ਤੇ ਸੁਨੀਤਾ ਛਾਬੜਾ ਨੂੰ ਪਠਾਨਕੋਟ ਜ਼ਿਲ੍ਹੇ ਵਿੱਚ ਬਦਲ ਦਿੱਤਾ ਹੈ। ਇਨ੍ਹਾਂ ਅਧਿਆਪਕਾਂ ਦਾ ਕਸੂਰ ਇਹ ਹੈ ਕਿ ਪਟਿਆਲਾ ਮੋਰਚੇ ਦੇ ਮੁਅੱਤਲ ਕੀਤੇ ਅਧਿਆਪਕਾਂ ਦੀ ਹਮਾਇਤ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਇਹ ਅਧਿਆਪਕ ਸਕੂਲ ਵਿੱਚ ਮਾਪਿਆਂ ਨਾਲ ਦਰੀ ਵਿਛਾ ਕੇ ਕੁਝ ਸਮਾਂ ਬੈਠੇ ਸਨ। ਇੰਜ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਿਰਜ਼ਾਪੁਰ ਸਕੂਲ ਦੀ ਮਨਵਿੰਦਰਜੀਤ ਕੌਰ ਨੂੰ ਪੰਜਾਬ ਹਰਿਆਣਾ ਦੇ ਬਾਰਡਰ ’ਤੇ ਪੈਂਦੇ ਪਿੰਡ ਡੂੰਮਵਾਲੀ ਦੇ ਸਕੂਲ ਵਿੱਚ ਬਦਲਿਆ ਗਿਆ ਹੈ ਅਤੇ ਮਿਰਜ਼ਾਪੁਰ ਸਕੂਲ ਦੀ ਹੀ ਸਤਵੀਰ ਕੌਰ ਨੂੰ ਫ਼ਿਰੋਜ਼ਪੁਰ ਦੇ ਮੱਖੂ ਸਕੂਲ ਵਿੱਚ ਤਬਦੀਲ ਕਰ ਦਿੱਤਾ ਹੈ। ਮੁੱਖ ਤੌਰ ’ਤੇ ਮਹਿਲਾ ਅਧਿਆਪਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੋਹਾਲੀ ਜ਼ਿਲ੍ਹੇ ਦੇ ਬੈਰਮਾਜਰਾ ਸਕੂਲ ਦੀ ਪੂਜਾ ਰਾਣੀ, ਰੀਤੂ ਦੀਕਸ਼ਤ, ਮੋਨਿਕਾ ਕਾਲੀਆ ਨੂੰ ਕਰੀਬ ਸਵਾ ਦੋ ਸੌ ਕਿਲੋਮੀਟਰ ਦੂਰ ਬਦਲਿਆ ਗਿਆ ਹੈ। ਅੱਜ ਮਾਨਸਾ ਦੇ ਝੁਨੀਰ ਸਕੂਲ ਵਿੱਚ ਅਧਿਆਪਕਾਂ ਦਾ ਟਰੇਨਿੰਗ ਪ੍ਰੋਗਰਾਮ ਸੀ। ਟਰੇਨਿੰਗ ਦਾ ਬਾਈਕਾਟ ਕਰਨ ਲਈ ਉਕਸਾਉਣ ਦੇ ਇਲਜ਼ਾਮਾਂ ਤਹਿਤ ਅੱਜ ਤਿੰਨ ਅਧਿਆਪਕ ਬਦਲੇ ਹਨ। ਪਿੰਡ ਰਾਏਪੁਰ (ਮਾਨਸਾ) ਦੇ ਪੰਜਾਬੀ ਲੈਕਚਰਾਰ ਨਰਿੰਦਰ ਸਿੰਘ ਨੂੰ ਢਾਈ ਸੌ ਕਿਲੋਮੀਟਰ ਦੂਰ ਖੇਮਕਰਨ (ਤਰਨਤਾਰਨ) ਦੇ ਸਕੂਲ ਵਿੱਚ ਬਦਲ ਦਿੱਤਾ ਹੈ। ਮਾਨਸਾ ਦੇ ਦਲੇਲ ਵਾਲਾ ਸਕੂਲ ਦੇ ਸਾਇੰਸ ਅਧਿਆਪਕ ਕਰਮਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਨੰਗਲ ਸੋਹਲ ਸਕੂਲ ਵਿੱਚ, ਬਾਜੇਵਾਲਾ ਦੇ ਹਿੰਦੀ ਅਧਿਆਪਕ ਗੁਰਦਾਸ ਸਿੰਘ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੰਜੌੜਾ ਸਕੂਲ ਵਿੱਚ, ਤਲਵਾੜਾ ਬਲਾਕ ਦੇ ਹਲੇੜ ਸਕੂਲ ਦੇ ਅਧਿਆਪਕ ਰਾਮ ਭਜਨ ਨੂੰ ਮਾਨਸਾ ਜ਼ਿਲ੍ਹੇ ਦੇ ਲਾਲਿਆਂ ਵਾਲੀ ਵਿੱਚ ਬਦਲਿਆ ਗਿਆ ਹੈ। ਹਲਕਾ ਲੰਬੀ ਦੇ ਪਿੰਡ ਸਿੰਘੇਵਾਲਾ ਦੇ ਅਧਿਆਪਕ ਅਮਰਜੀਤ ਨੂੰ ਮਹਿਕਮੇ ਦੇ ਸਕੱਤਰ ਕੋਲ ਦੁਖੜਾ ਰੋਣਾ ਮਹਿੰਗਾ ਪਿਆ ਹੈ। ਉਸ ਨੇ ਸਰਕਾਰੀ ਵ੍ਹਟਸਐਪ ਗਰੁੱਪ ਵਿੱਚ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਮੁੱਦਾ ਉਠਾਇਆ ਸੀ। ਉਸ ਤੋਂ ਸਹਿਮਤੀ ਲੈ ਕੇ ਉਸ ਨੂੰ ਮੁੱਖ ਦਫ਼ਤਰ ’ਚ ਤਬਦੀਲ ਕਰ ਦਿੱਤਾ ਹੈ। ਇੰਜ ਹੀ ਬਠਿੰਡਾ ਦੇ ਗੁਰਥਰੀ ਸਕੂਲ ਦੇ ਅਜੇ ਕੁਮਾਰ ਨੂੰ ਗੁਰਥਰੀ ਤੋਂ ਝੁੱਗੀਆਂ ਨੱਥਾ ਸਿੰਘ (ਤਰਨਤਾਰਨ) ਵਿੱਚ ਬਦਲ ਦਿੱਤਾ ਹੈ। ਉਸ ’ਤੇ ਇਲਜ਼ਾਮ ਹੈ ਕਿ ਉਸ ਨੇ ਵ੍ਹਟਸਐਪ ਗਰੁੱਪ ‘ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਬਰਨਾਲਾ ਦੇ ਹੰਡਿਆਇਆ ਸਕੂਲ ਦੇ ਸੁਖਵੀਰ ਜੋਗਾ ਦੀ ਬਦਲੀ ਤਰਨਤਾਰਨ ਦੇ ਘਰਿਆਲਾ ’ਚ ਕੀਤੀ ਹੈ। ਇਸ ਨੀਤੀ ਦੇ ਨਤੀਜੇ ਸਰਕਾਰ ਵਿਰੋਧੀ ਨਿਕਲਣਗੇ: ਵਲਟੋਹਾ ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਸਰਕਾਰ ਦੀ ਇਸ ਤਬਾਦਲਾ ਨੀਤੀ ਨੇ ਮੋਰਚੇ ਨੂੰ ਹੋਰ ਭਖਾ ਦਿੱਤਾ ਹੈ ਤੇ ਇਹ ਨੀਤੀ ਸਰਕਾਰ ਦੇ ਵਿਰੁੱਧ ਭੁਗਤੇਗੀ। ਉਨ੍ਹਾਂ ਆਖਿਆ ਕਿ ਅਜਿਹਾ ਕਰ ਕੇ ਸਰਕਾਰ ਸੰਘਰਸ਼ ਨੂੰ ਦਬਾਅ ਨਹੀਂ ਸਕੇਗੀ। ਇਸ ਨਾਲ ਰੋਹ ਹੋਰ ਵਧਿਆ ਹੈ।