ਮੋਦੀ ਦਾ ਅਮਰੀਕਾ ਪੁੱਜਣ ’ਤੇ ਨਿੱਘਾ ਸਵਾਗਤ: ਪ੍ਰਧਾਨ ਮੰਤਰੀ ਨੇ ਕਿਹਾ,‘ਪਰਵਾਸੀ ਸਾਡੀ ਤਾਕਤ’

23

September

2021

ਵਾਸ਼ਿੰਗਟਨ, 23 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਭਰ ਵਿੱਚ ਆਪਣੀ ਪਛਾਣ ਬਣਾਉਣ ਲਈ ਭਾਰਤੀ ਪਰਵਾਸੀਆਂ ਦੀ ਪ੍ਰਸ਼ੰਸਾ ਕੀਤੀ ਹੈ। ਸ੍ਰੀ ਮੋਦੀ ਦੇ ਇਥੇ ਪਹੁੰਚਣ 'ਤੇ ਭਾਰਤੀ-ਅਮਰੀਕੀ ਭਾਈਚਾਰੇ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਹਵਾਈ ਅੱਡੇ 'ਤੇ ਉਤਰਨ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦਾ ਭਾਰਤੀ-ਅਮਰੀਕੀਆਂ ਦੇ ਸਮੂਹ ਵੱਲੋਂ ਜੋਸ਼ ਨਾਲ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਫਿਰ ਹੋਟਲ ਵਿੱਚ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤੀ-ਅਮਰੀਕੀ ਸੀਈਓਜ਼ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ,‘ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਭਾਈਚਾਰੇ ਦੇ ਨਿੱਘੇ ਸਵਾਗਤ ਲਈ ਮੈਂ ਧੰਨਵਾਦੀ ਹਾਂ। ਭਾਰਤੀ ਪਰਵਾਸੀ ਸਾਡੀ ਤਾਕਤ ਹਨ।’ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੇ ਅੱਠ ਮੀਟਿੰਗਾਂ ਕਰਨੀਆਂ ਹਨ, ਜਿਨ੍ਹਾਂ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਵੀ ਸ਼ਾਮਲ ਹੈ। ਵ੍ਹਾਈਟ ਹਾਊਸ ਵਿੱਚ ਹੈਰਿਸ ਨਾਲ ਮੁਲਾਕਾਤ ਤੋਂ ਇਲਾਵਾ ਪ੍ਰਧਾਨ ਮੰਤਰੀ ਕ੍ਰਮਵਾਰ ਆਪਣੇ ਆਸਟਰੇਲੀਆਈ ਅਤੇ ਜਾਪਾਨੀ ਹਮਰੁਤਬਾ ਸਕੌਟ ਮੌਰਿਸਨ ਅਤੇ ਯੋਸ਼ੀਹਿਦੇ ਸੁਗਾ ਨਾਲ ਦੁਵੱਲੀ ਮੀਟਿੰਗਾਂ ਕਰਨਗੇ।