Arash Info Corporation

ਬਿਨਾਂ ਰਜਿਸਟਰੇਸ਼ਨ ਨੰਬਰਾਂ ਵਾਲੇ ਮਾਈਨਿੰਗ ਵਾਹਨਾਂ ਖ਼ਿਲਾਫ਼ ਕਾਰਵਾਈ

29

October

2018

ਡੇਰਾਬੱਸੀ, ਨਾਜਾਇਜ਼ ਮਾਈਨਿੰਗ ਵਿੱਚ ਜੁਟੇ ਬਿਨਾਂ ਨੰਬਰਾਂ ਵਾਲੇ ਵਾਹਨਾਂ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਪੁਲੀਸ ਹਰਕਤ ਵਿਚ ਆ ਗਈ ਹੈ। ਪੁਲੀਸ ਨੇ ਲੰਘੇ ਦਿਨੀਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਫੜੇ ਨੌਂ ਟਰੈਕਟਰ-ਟਰਾਲੀਆਂ ਖ਼ਿਲਾਫ਼ ਪਹਿਲਾਂ ਦਰਜ ਕੇਸ ਵਿੱਚ ਮੋਟਰ ਵਹੀਕਲ ਦੀ ਧਾਰਾ ਵੀ ਜੋੜ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਵਾਹਨ ਕਈ ਦਿਨਾਂ ਤੋਂ ਮੁਬਾਰਿਕਪੁਰ ਪੁਲੀਸ ਚੌਕੀ ਵਿੱਚ ਖੜ੍ਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਜ਼ਿਆਦਾਤਰ ਵਾਹਨਾਂ ’ਤੇ ਨੰਬਰ ਨਹੀਂ ਲਾਏ ਜਾਂਦੇ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਕੁੱਝ ਦਿਨ ਪਹਿਲਾਂ ਢਕੋਲੀ ਥਾਣਾ ਮੁਖੀ ਜਗਜੀਤ ਸਿੰਘ ਵੱਲੋਂ ਆਪਣੇ ਖੇਤਰ ਤੋਂ ਬਾਹਰ ਜਾ ਕੇ ਡੇਰਾਬਸੀ ਦੇ ਖੇਤਰ ਵਿੱਚ ਪੈਂਦੀ ਕਕਰਾਲੀ ਨਦੀ ਵਿੱਚ ਨਾਜਾਇਜ਼ ਮਾਈਨਿੰਗ ਕਰਦੇ ਤਿੰਨ ਜਣਿਆਂ ਨੂੰ ਨੌਂ ਟਰੈਕਟਰ-ਟਰਾਲੀਆਂ ਰਾਹੀਂ ਗਰੈਵਲ ਦੀ ਚੋਰੀ ਕਰਦੇ ਕਾਬੂ ਕੀਤਾ ਸੀ। ਇਸ ਕਾਰਵਾਈ ਤੋਂ ਬਾਅਦ ਢਕੋਲੀ ਥਾਣਾ ਮੁਖੀ ਦੀ ਬਦਲੀ ਪੁਲੀਸ ਲਾਈਨ ਵਿਚ ਕਰ ਦਿੱਤੀ ਗਈ ਸੀ। ਦੂਜੇ ਪਾਸੇ ਪੁਲੀਸ ਵੱਲੋਂ ਕਬਜ਼ੇ ਵਿੱਚ ਲਏ ਨੌਂ ਟਰੈਕਟਰ-ਟਰਾਲੀਆਂ ’ਤੇ ਕੋਈ ਨੰਬਰ ਨਹੀਂ ਲੱਗੇ ਸਨ। ਹੁਣ ਪੁਲੀਸ ਨੇ ਹਰਕਤ ਵਿਚ ਆਉਂਦੇ ਹੋਏ ਇਨ੍ਹਾਂ ਟਰੈਕਟਰ ਟਰਾਲੀਆਂ ਖ਼ਿਲਾਫ਼ ਦਰਜ ਕੀਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਮੋਟਰ ਵਹੀਕਲ ਐਕਟ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ। ਮੁਬਾਰਿਕਪੁਰ ਚੌਕੀ ਦੇ ਇੰਚਾਰਜ ਏ.ਐਸ.ਆਈ. ਭਿੰਦਰ ਸਿੰਘ ਨੇ ਦੱਸਿਆ ਕਿ ਕਬਜ਼ੇ ਵਿੱਚ ਲਏ ਨੌਂ ਟਰੈਕਟਰ ਟਰਾਲੀਆਂ ’ਤੇ ਨੰਬਰ ਨਹੀਂ ਲਿਖੇ ਹੋਏ ਸਨ ਜਦਕਿ ਸੜਕ ’ਤੇ ਕੋਈ ਵੀ ਵਾਹਨ ਕੱਢਣ ਤੋਂ ਪਹਿਲਾਂ ਉਸ ਦੇ ਨੰਬਰ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਕੇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ’ਤੇ ਠੱਲ੍ਹ ਪਾਉਣ ਲਈ ਪੁਲੀਸ ਪੂਰੀ ਤਰ੍ਹਾਂ ਗੰਭੀਰ ਹੈ।