ਜੀਆਰਪੀ ਨੇ ਰੇਲ ਹਾਦਸੇ ਦੀ ਜਾਂਚ ਲਈ ਤਿੰਨ ਮੈਂਬਰੀ ਟੀਮ ਬਣਾਈ

23

October

2018

ਅੰਮ੍ਰਿਤਸਰ, ਜੀਆਰਪੀ ਦੇ ਏਡੀਜੀਪੀ ਆਈਪੀਐੱਸ ਸਹੋਤਾ ਨੇ ਅੱਜ ਸਥਾਨਕ ਪੁਲੀਸ ਨਾਲ ਰੇਲ ਹਾਦਸੇ ਵਾਲੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਮਗਰੋਂ ਉਨ੍ਹਾਂ ਜੀਓ ਮੈਸ ਵਿਚ ਜੀਆਰਪੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਰੇਲ ਹਾਦਸੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਟੀਮ ਬਣਾਈ ਹੈ, ਜਿਸ ਦੀ ਅਗਵਾਈ ਏਆਈਜੀ ਦਲਜੀਤ ਸਿੰਘ ਕਰਨਗੇ ਅਤੇ ਉਹ ਖੁਦ ਜਾਂਚ ਟੀਮ ਦੀ ਨਿਗਰਾਨੀ ਕਰਨਗੇ। ਇਸ ਦੌਰਾਨ ਰੇਲ ਹਾਦਸੇ ਕਾਰਨ ਲਗਭਗ ਦੋ ਦਿਨ ਰੇਲ ਆਵਾਜਾਈ ਬੰਦ ਰਹਿਣ ਕਾਰਨ ਰੇਲਵੇ ਨੂੰ ਲਗਭਗ 60 ਲੱਖ ਰੁਪਏ ਦਾ ਸਿੱਧੇ ਤੌਰ ’ਤੇ ਨੁਕਸਾਨ ਹੋਇਆ ਹੈ ਅਤੇ ਅਸਿੱਧੇ ਤੌਰ ’ਤੇ ਵੀ ਕਈ ਨੁਕਸਾਨ ਹੋਏ ਹਨ। ਜੀਆਰਪੀ ਦੇ ਏਡੀਜੀਪੀ ਸ੍ਰੀ ਸਹੋਤਾ ਨੇ ਮੀਟਿੰਗ ਮਗਰੋਂ ਮੀਡੀਆ ਨੂੰ ਦੱਸਿਆ ਕਿ ਰੇਲ ਹਾਦਸੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਟੀਮ ਬਣਾਈ ਗਈ ਹੈ, ਜਿਸ ਦੀ ਅਗਵਾਈ ਏਆਈਜੀ ਦਲਜੀਤ ਸਿੰਘ ਕਰਨਗੇ ਅਤੇ ਉਹ ਖੁਦ ਜਾਂਚ ਟੀਮ ਦੀ ਨਿਗਰਾਨੀ ਕਰਨਗੇ। ਇਹ ਜਾਂਚ ਵਿਚ ਡੀਐੱਸਪੀ ਸੁਰਿੰਦਰ ਕੁਮਾਰ, ਇੰਸਪੈਕਟਰ ਨਿਰਮਲ ਸਿੰਘ, ਐਸਐਚਓ ਜੀਆਰਪੀ ਬਲਵੀਰ ਸਿੰਘ ਵੀ ਜਾਂਚ ਟੀਮ ਦਾ ਹਿੱਸਾ ਹੋਣਗੇ। ਇਹ ਟੀਮ ਇਕ-ਦੋ ਦਿਨਾਂ ਵਿਚ ਜਾਂਚ ਸ਼ੁਰੂ ਕਰ ਦੇਵੇਗੀ। ਇਥੇ ਦੱਸਣਯੋਗ ਹੈ ਕਿ ਜੀਆਰਪੀ ਨੇ ਇਸ ਮਾਮਲੇ ਵਿਚ ਹੁਣ ਤਕ ਗੈਰਕਾਨੂੰਨੀ ਢੰਗ ਨਾਲ ਰੇਲ ਲਾਈਨਾਂ ਪਾਰ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਬੀਤੀ ਰਾਤ ਰੇਲਵੇ ਨੇ ਅੰਮ੍ਰਿਤਸਰ-ਦਿੱਲੀ ਅਤੇ ਅੰਮ੍ਰਿਤਸਰ-ਪਠਾਨਕੋਟ ਮਾਰਗ ’ਤੇ ਰੇਲ ਆਵਾਜਾਈ ਬਹਾਲ ਕਰ ਦਿੱਤੀ, ਜਿਸ ਕਾਰਨ ਆਮ ਵਾਂਗ ਗੱਡੀਆਂ ਚੱਲੀਆਂ ਪਰ ਰੇਲ ਅਤੇ ਯਾਤਰੂਆਂ ਦੀ ਸੁਰੱਖਿਆ ਲਈ ਇਥੇ ਪ੍ਰਭਾਵਿਤ ਇਲਾਕੇ ਵਿੱਚ ਰੇਲ ਪਟੜੀਆਂ ਦੇ ਦੋਵੇਂ ਪਾਸੇ ਅਤੇ ਰੇਲ ਫਾਟਕ ਦੇ ਨੇੜੇ ਅਤੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ, ਜੋ ਸਾਰਾ ਦਿਨ ਡਿਊਟੀ ਦਿੰਦੇ ਰਹੇ। ਮਿਲੇ ਵੇਰਵਿਆਂ ਮੁਤਾਬਕ ਜਿਨ੍ਹਾਂ ਯਾਤਰੂਆਂ ਨੇ ਅਗਾਊੁਂ ਬੁਕਿੰਗ ਕਰਵਾਈ ਹੋਈ ਸੀ ਅਤੇ ਰੇਲ ਆਵਾਜਾਈ ਠੱਪ ਹੋਣ ਕਾਰਨ ਰੇਲਵੇ ਨੂੰ ਅਜਿਹੇ ਯਾਤਰੂਆਂ ਨੂੰ ਉਨ੍ਹਾਂ ਦੀ ਰਕਮ ਵਾਪਸ ਕਰਨੀ ਪਈ ਹੈ। ਇਸ ਤੋਂ ਇਲਾਵਾ ਮਾਲ ਭਾੜੇ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਇਸ ਦੌਰਾਨ ਜਲੰਧਰ-ਅੰਮ੍ਰਿਤਸਰ ਡੀਐਮਯੂ ਰੇਲ ਗੱਡੀ, ਜਿਸ ਕਾਰਨ ਹਾਦਸਾ ਵਾਪਰਿਆ ਹੈ, ਨੂੰ ਫਿਲਹਾਲ ਨਹੀਂ ਚਲਾਇਆ ਜਾਵੇਗਾ। ਇਸ ਦੀ ਜਾਂਚ ਮੁਕੰਮਲ ਹੋਣ ਤਕ ਇਸ ਡੀਐੱਮਯੂ ਰੇਲ ਗੱਡੀ ਨੂੰ ਸੁਰੱਖਿਅਤ ਥਾਂ ’ਤੇ ਰੱਖਿਆ ਜਾਵੇਗਾ। ਰੇਲ ਚਾਲਕ ਬਾਰੇ ਤਸਵੀਰ ਵਾਇਰਲ ਅੱਜ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿਸ ਵਿਚ ਇੱਕ ਵਿਅਕਤੀ ਦੀ ਲਾਸ਼ ਲਟਕ ਰਹੀ ਹੈ। ਇਸ ਤਸਵੀਰ ਦੇ ਹੇਠਾਂ ਇਸ ਨੂੰ ਡਰਾਈਵਰ ਦੀ ਲਾਸ਼ ਦੱਸਿਆ ਗਿਆ। ਦੂਜੇ ਪਾਸੇ ਰੇਲ ਅਧਿਕਾਰੀਆਂ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡਿਓ ਨੂੰ ਝੂਠਾ ਕਰਾਰ ਦਿੰਦਿਆਂ ਆਖਿਆ ਕਿ ਚਾਲਕ ਬਿਲਕੁਲ ਠੀਕ ਹੈ।