ਅਖੀਂ ਡਿੱਠਾ ਕਿਸਾਨ ਅੰਦੋਲਨ

04

January

2021

ਜੂਨ 2020 ਵਿੱਚ ਕੇਂਦਰ ਵੱਲੋਂ ਨਵੇ ਖੇਤੀਬਾੜੀ ਆਰਡੀਨੈਂਸ ਜਾਰੀ ਕੀਤੇ ਗਏ।ਕਿਸਾਨਾਂ ਨੂੰ ਡਰ ਸਤਾਉਣ ਲੱਗਾ ਕਿ ਜੇਕਰ ਖੇਤੀ ਬਿੱਲ ਲਾਗੂ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀਆਂ ਜਮੀਨਾਂ ਕਾਰਪੋਰੇਟ ਦੇ ਹਵਾਲੇ ਹੋ ਜਾਣਗੀਆਂ। ਜਿਸ ਕਰਕੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪਿੰਡ-ਪਿੰਡ ਵਿੱਚ ਲੋਕਾਂ ਨੂੰ ਇਨ੍ਹਾਂ ਮਾਰੂ ਖੇਤੀ ਬਿੱਲਾਂ ਪ੍ਰਤੀ ਜਾਗਰੂਕ ਕੀਤਾ ਗਿਆ। ਤਕਰੀਬਨ ਦੋ ਮਹੀਨੇ ਰੇਲ ਚੱਕਾ ਜਾਮ ਰਿਹਾ।ਰਿਲਾਇੰਸ ਸਟੋਰ, ਪੈਟਰੋਲ ਪੰਪ ਤੇ ਵੀ ਧਰਨੇ ਦਿੱਤੇ ਗਏ। ਤਕਰੀਬਨ ਹਰ ਤਬਕੇ ਵੱਲੋਂ ਪੰਜਾਬ ਵਿੱਚ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਜਦੋਂ ਕੋਈ ਸਾਰਥਕ ਨਤੀਜਾ ਨਾ ਨਿਕਲਿਆ ਤਾਂ ਕਿਸਾਨਾਂ ਨੇ ਨਵੰਬਰ ਮਹੀਨੇ ਦਿੱਲੀ ਵੱਲ ਕੂੱਚ ਕੀਤਾ।ਹਰਿਆਣਾ ਸਰਕਾਰ ਵੱਲੋਂ ਪਹਿਲੇ ਤਾਂ ਬਹੁਤ ਸਖਤੀ ਕੀਤੀ ਗਈ। ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਪਾਣੀ ਦੀਆਂ ਬੁਛਾੜਾਂ ਦੀਆਂ ਪਰਵਾਹ ਕੀਤੇ ਬਿਨਾਂ ਹੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ। ਜਿਸ ਵਿੱਚ ਵੱਡੇ ਪੱਧਰ ਤੇ ਔਰਤਾਂ ,ਨੌਜਵਾਨਾਂ ,ਬਜ਼ੁਰਗਾਂ ,ਮਜ਼ਦੂਰ, ਲੇਖਕਾਂ, ਗੀਤਕਾਰ, ਨਾਟਕਕਾਰ ਆਦਿ ਵਰਗਾਂ ਨੇ ਸ਼ਮੂਲੀਅਤ ਕੀਤੀ। ਦੇਖਾ ਦੇਖੀ ਵਿੱਚ ਆਪਣੇ ਹੱਕਾਂ ਦੀ ਰਾਖੀ ਲਈ ਹੋਰ ਸੂਬਿਆਂ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਵੀ ਕੇਂਦਰ ਦੇ ਵਜ਼ੀਰ ਜਾਂਦੇ ਹਨ ,ਇਨ੍ਹਾਂ ਬਿੱਲਾਂ ਦੇ ਸੋਹਲੇ ਗਾਣ ਲੱਗ ਜਾਂਦੇ ਹਨ। ਹਾਲਾਂਕਿ ਪ੍ਰਧਾਨ ਮੰਤਰੀ ਨੇ ਚਾਹੇ ਇੱਕ ਵੀ ਵਾਰ ਕਿਸਾਨਾਂ ਨਾਲ ਕਿਸਾਨੀ ਮੁੱਦੇ ਤੇ ਗੱਲਬਾਤ ਨਹੀਂ ਕੀਤੀ ਹੈ, ਪਰ ਹਰ ਥਾਂ ਤੇ ਜਾ ਕੇ ਕਿਸਾਨੀ ਬਿੱਲਾਂ ਦੀ ਵਕਾਲਤ ਜ਼ਰੂਰ ਕਰਦੇ ਹਨ। ਕਿਸਾਨਾਂ ਨੂੰ ਮੰਡੀਆਂ ਖਤਮ ਹੋਣ ਦਾ ਵੀ ਡਰ ਹੈ।ਜਿਸ ਕਾਰਨ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਨੂੰ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਵੀ ਨਹੀਂ ਮਿਲ ਸਕੇਗਾ, ਕਿਉਂਕਿ ਨਿੱਜੀ ਕੰਪਨੀਆਂ ਮਨ-ਮਰਜ਼ੀ ਦਾ ਭਾਅ ਲਾਉਣਗੀਆਂ । ਕੇਂਦਰ ਤੇ ਕਿਸਾਨਾਂ ਵਿਚਾਲੇ ਨਵੰਬਰ ਮਹੀਨੇ ਵਿਚ ਹੋਈ ਮੀਟਿੰਗ ਬੇਸਿੱਟਾ ਰਹੀ।ਕੇਂਦਰੀ ਵਜ਼ਾਰਤ ਕਹਿ ਰਹੀ ਹੈ ਕਿ ਕਾਨੂੰਨਾਂ ਵਿੱਚ ਸੋਧ ਕੀਤੀ ਜਾਵੇਗੀ , ਪਰ ਕਿਸਾਨਾਂ ਨੂੰ ਸੋਧ ਪ੍ਰਵਾਨ ਨਹੀਂ ਹੈ। ਅਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਾਨੂੰਨ ਨੂੰ ਰੱਦ ਕਰੋ ਤੇ ਜੋ ਨਵੇਂ ਕਾਨੂੰਨ ਬਣਾਉਣੇ ਹਨ ਉਹ ਕਿਸਾਨਾਂ ਦੀ ਸਲਾਹ ਮਸ਼ਵਰਾ ਲੈ ਕੇ ਬਣਾਏ ਜਾਣ। ਜਮਹੂਰੀਅਤ ਵਿੱਚ ਕਿਸੇ ਵੀ ਕਾਨੂੰਨ ਤੇ ਦੁਬਾਰਾ ਵਿਚਾਰ ਕਰਨਾ ਸੰਭਵ ਹੈ। ਅਜਿਹੀ ਕੜਾਕੇ ਦੀ ਠੰਡ ਵਿੱਚ 50 ਦੇ ਕਰੀਬ ਕਿਸਾਨਾਂ ਨੇ ਸ਼ਹੀਦੀ ਵੀ ਪਾਈ ਹੈ। ਇਹ ਅੰਦੋਲਨ ਹੁਣ ਜਨ-ਅੰਦੋਲਨ ਬਣ ਗਿਆ। ਹਰ ਵਰਗ ਦੇ ਲੋਕ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਇਕ ਹੀ ਜਗ੍ਹਾ ਬੈਠ ਕੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਇਕੱਠੇ ਖਾਣਾ ਬਣਾਇਆ ਤੇ ਖਾਧਾ ਜਾ ਰਿਹਾ ਹੈ।ਧਰਨੇ ਤੇ ਹੀ ਕਿਸਾਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਸ਼ਹੀਦੀ ਨੂੰ ਵੀ ਯਾਦ ਕੀਤਾ ਗਿਆ। ਕਿਸਾਨਾਂ ਨੇ ਬਾਡਰਾਂ ਤੇ ਲਾਇਬ੍ਰੇਰੀ ਵੀ ਸਥਾਪਿਤ ਕਰ ਦਿੱਤੀ। ਜਥੇਬੰਦੀਆਂ ਵੱਲੋਂ ਟਰੈਲੀ ਟਾਈਮਜ਼ ਅਖ਼ਬਾਰ ਵੀ ਸ਼ੁਰੂ ਕਰ ਦਿੱਤਾ ਗਿਆ। ਵਰਜਿਸ਼ ਕਰਨ ਲਈ ਉੱਥੇ ਜਿੰਮ ਤੱਕ ਖੋਲ ਦਿੱਤੇ ਗਏ। ਹਰਿਆਣਾ ਦੇ ਲੋਕ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਮਹਿਮਾਨ ਦੱਸ ਕੇ ਉਹਨਾਂ ਦੀ ਖੂਬ ਆਉ ਭਗਤ ਕਰ ਰਹੇ ਹਨ। ਧਰਨੇ ਤੇ ਦੁੱਧ ਦੀਆਂ ਨਦੀਆਂ ਵੱਗ ਰਹੀਆਂ ਹਨ । ਖਾਣ ਪੀਣ ਦੀ ਕੋਈ ਕਮੀ ਨਹੀਂ ਹੈ। ਦੇਖਣ ਵਿੱਚ ਵੀ ਆਇਆ ਹੈ ਕਿ ਜੋ ਗਰੀਬ ਤਬਕਾ ਦਿੱਲੀ ਬਾਰਡਰ ਦੇ ਨੇੜੇ ਝੁੱਗੀ-ਝੌਂਪੜੀਆਂ ਵਿਚ ਰਹਿੰਦਾ ਹੈ ਉਹ ਕਿਸਾਨਾਂ ਨੂੰ ਦਿਲੋਂ ਅਸੀਸ ਦੇ ਰਹੇ ਹਨ। ਕਿਉਂਕਿ ਉਹਨਾਂ ਨੂੰ ਭਰ ਪੇਟ ਖਾਣ ਪੀਣ ਨੂੰ ਮਿਲ ਰਿਹਾ ਹੈ।ਕਹਿ ਵੀ ਰਹੇ ਹਨ ਕਿ ਸਰਦਾਰ ਜੀ ਯਹਾਂ ਸੇ ਮਤ ਜਾਣਾ, ਹਮਾਰਾ ਦਿਲ ਬੀ ਨਹੀਂ ਲੱਗੇਗਾ। ਸਵੇਰ ਸ਼ਾਮ ਨੌਜਵਾਨ ਮੁੰਡੇ ਕੁੜੀਆਂ ਬੈਡਮਿੰਟਨ ਤੇ ਕਬੱਡੀ ਖੇਡਦੇ ਹਨ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਖੇਤੀ ਮਾਰੂ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ। ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸੰਸਦ ਦਾ ਦਾਮਨ ਨਾ ਛੱਡੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੇ। ਸਰਕਾਰ ਇਸ ਅੰਦੋਲਨ ਨੂੰ ਜਿੰਨਾ ਲੰਬਾ ਖਿੱਚੇਗੀ, ਇਹ ਹੋਰ ਪ੍ਰਚੰਡ ਹੁੰਦਾ ਜਾਵੇਗਾ ।ਇਸ ਦਾ ਸਰਕਾਰ ਨੂੰ ਹੀ ਨੁਕਸਾਨ ਹੋਵੇਗਾ। (ਸੰਜੀਵ ਸਿੰਘ ਸੈਣੀ, ਮੋਹਾਲੀ)