ਕਿਸਾਨਾਂ ਦੇ ਸੰਘਰਸ਼ ਵਿੱਚ ਸਾਥ ਦੇਣ ਲਈ ਤਰਕਸ਼ੀਲ ਸੁਸਾਇਟੀ ਦੇ ਕਾਫ਼ਲੇ ਅੱਜ ਜਾਣਗੇ ਦਿੱਲੀ

11

December

2020

ਸੰਗਰੂਰ,11 ਦਸੰਬਰ ( ਜਗਸੀਰ ਲੌਂਗੋਵਾਲ ) - ਆਪਣੇ ਖੇਤਾਂ, ਸੁਪਨਿਆਂ ਤੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਪੰਜਾਬ ਦੇ ਅੰਨਦਾਤਿਆਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਿਆ ਜਾ ਘੋਲ ਹੱਕੀ ਤੇ ਸਮੇਂ ਹਾਣ ਦਾ ਹੈ,ਜਿਸ ਨੂੰ ਹਰ ਵਰਗ ਦੀ ਹਮਾਇਤ ਹਾਸਲ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਬੰਦਕ ਮੁਖੀ ਗੁਰਦੀਪ ਸਿੰਘ ਸਿੱਧੂ ਨੇ ਤਰਕਸ਼ੀਲ ਸੁਸਾਇਟੀ ਇਕਾਈ ਮਾਨਸਾ ਦੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਮੀਡੀਆ ਵਿਭਾਗ ਦੇ ਮੁਖੀ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਜਨਤਕ ਅਦਾਰਿਆਂ ਨੂੰ ਵੇਚਣ ਵੱਟਣ ਤੁਰੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੇ ਮਨਸ਼ੇ ਨਾਲ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕੀਤੇ ਹਨ।ਜਿਹੜੇ ਕਿਰਤੀ ਕਿਸਾਨਾਂ ਦੇ ਨਾਲ ਨਾਲ ਖੇਤੀ ਕਿੱਤੇ ਨਾਲ ਜੁੜੇ ਹੋਰ ਸਭਨਾਂ ਵਰਗਾਂ ਦੇ ਲੋਕਾਂ ਦਾ ਭਵਿੱਖ ਤਬਾਹ ਕਰਨ ਵਾਲੇ ਹਨ। ਇਸ ਸਮੇਂ ਇਕਾਈ ਆਗੂ ਮਾਸਟਰ ਲੱਖਾ ਸਿੰਘ ਸਹਾਰਨਾ ਨੇ ਕਿਹਾ ਕਿ ਕਰੋਨਾ ਕਾਲ ਦੀ ਆੜ ਵਿੱਚ ਕਿ ਦੇਸ਼ ਦੇ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਵਾਲੇ ਅੰਨਦਾਤਿਆਂ ਖਿਲਾਫ਼ ਲਿਆਂਦੇ ਖ਼ੇਤੀ ਵਿਰੋਧੀ ਕਾਨੂੰਨ ਧ੍ਰੋਹ ਕਮਾਉਣ ਵਾਲੇ ਹਨ।ਉਹਨਾਂ ਸਪੱਸ਼ਟ ਕੀਤਾ ਕਿ ਮੋਦੀ ਸਰਕਾਰ ਨੇ ਸਵਾਮੀਨਾਥਨ ਕਮੇਟੀ ਦੀਆਂ ਕਿਸਾਨ ਪੱਖੀ ਸਿਫਾਰਸ਼ਾਂ ਲਾਗੂ ਕਰਨ ਦੀ ਬਜਾਏ ਕਾਲੇ ਕਾਨੂੰਨਾਂ ਦਾ ਕਿਸਾਨ ਵਿਰੋਧੀ ਪੈਂਤੜਾ ਲੈ ਕੇ ਆਪਣਾ ਲੋਕ ਵਿਰੋਧੀ ਸਰੂਪ ਜੱਗ ਜਾਹਰ ਕੀਤਾ ਹੈ । ਤਰਕਸ਼ੀਲ ਆਗੂਆਂ ਨੇ ਆਖਿਆ ਕਿ ਕਿਸਾਨ ਸੰਘਰਸ਼ ਨੂੰ ਦੇਸ਼ ਦੇ ਹੋਰਨਾਂ ਰਾਜਾਂ ਤੇ ਕੌਮਾਂਤਰੀ ਪੱਧਰ ਤੇ ਮਿਲ ਰਿਹਾ ਸਮਰਥਨ ਕੇਂਦਰ ਸਰਕਾਰ ਨੂੰ ਪੁੱਠੇ ਪੈਰੀਂ ਮੁੜਨ ਲਈ ਮਜਬੂਰ ਕਰੇਗਾ। ਤਰਕਸ਼ੀਲ ਆਗੂ ਮਾ. ਗੁਰਪਿਆਰ ਸਿੰਘ ਕੋਟਲੀ ਨੇ ਦੱਸਿਆ ਕਿ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਤਰਕਸ਼ੀਲ ਸੁਸਾਇਟੀ ਦਾ ਵੱਡਾ ਕਾਫ਼ਲਾ 12 ਦਸੰਬਰ ਨੂੰ ਦੋ ਦਿਨਾਂ ਲਈ ਕਿਸਾਨ ਸੰਘਰਸ਼ ਦੀ ਹਮਾਇਤ ਲਈ ਦਿੱਲੀ ਜਾਵੇਗਾ, ਜਿਸ ਵਿੱਚ ਰਾਜ ਦੀਆਂ ਸਾਰੀਆਂ ਤਰਕਸ਼ੀਲ ਇਕਾਈਆਂ ਦੇ ਵਰਕਰ ਤੇ ਆਗੂ ਸ਼ਾਮਲ ਹੋਣਗੇ। ਇਸ ਮੌਕੇ ਤਰਕਸ਼ੀਲ ਆਗੂ ਬਲਵੀਰ ਚੰਦ ਲੌਂਗੋਵਾਲ ,ਜੁਝਾਰ ਲੌਂਗੋਵਾਲ ਆਦਿ ਹਾਜ਼ਰ ਸਨ ।