ਨਗਰ ਨਿਗਮ ਲੁਧਿਆਣਾ ਵੱਲੋਂ ਸਵੱਛਤਾ ਚੈਂਪੀਅਨ ਸਨਮਾਨ ਸਮਾਰੋਹ ਆਯੋਜਿਤ

11

December

2020

ਲੁਧਿਆਣਾ, 11 ਦਸੰਬਰ - ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਸਵੱਛ ਭਾਰਤ ਮਿਸ਼ਨ ਤਹਿਤ 'ਸਵੱਛ ਸਰਵੇਖਣ-2021' ਦੇ ਮੱਦੇਨਜ਼ਰ ਸ਼ਹਿਰ ਦੇ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਅਧੀਨ ਸਵੱਛਤਾ ਚੈਂਪੀਅਨ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮਾਨਯੋਗ ਮੇਅਰ ਸ. ਬਲਕਾਰ ਸਿੰਘ ਸੰਧੂ ਵੱਲੋਂ ਜੇਤੂਆਂ ਨੂੰ ਸਰਟੀਫਿਕੇਟ, ਟਰਾਫੀ ਅਤੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਵੱਖ-ਵੱਖ ਪੰਜ ਕੈਟਾਗਰੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਸਵੱਛਤਾ ਰੈਂਕਿੰਗ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਸਕੂਲ, ਹੋਟਲ, ਹਸਪਤਾਲ, ਰੈਜ਼ੀਡੈਂਸ਼ੀਅਲ ਵੈਲਫੇਅਰ ਸੋਸਾਇਟੀਆਂ, ਸਰਕਾਰੀ ਅਦਾਰੇ, ਵੇਸਟ ਟੂ ਵਾਓ "ਦਿ ਕਲੀਨ ਕਾਰਡ" ਮੁਹਿੰਮ ਅਧੀਨ ਹੋਮ ਕੰਪੋਸਟਿੰਗ ਕਰਨ ਵਾਲੇ ਨਾਗਰਿਕ, ਸੀ.ਐੱਸ.ਆਰ. ਅਧੀਨ ਚੰਗਾ ਕੰਮ ਕਰਨ ਵਾਲੇ ਸੋਸ਼ਲ ਵਰਕਰ, ਐਨ.ਜੀ.ਓਜ ਅਤੇ ਸ਼ੈਲਫ਼ ਹੈਲਪ ਗਰੁੱਪਾਂ ਨੂੰ ਉਹਨਾਂ ਦੇ ਸਵੱਛਤਾ ਸਬੰਧੀ ਕੀਤੇ ਗਏ ਕੰਮਾਂ ਲਈ, ਬੈਸਟ ਪਰਫਾਰਮਿੰਗ ਵਰਕਰ ਐਵਾਰਡ ਜੋ ਸਾਡੇ ਸਵੱਛਤਾ ਹੀਰੋ ਸਫ਼ਾਈ ਕਰਮਚਾਰੀ, ਸੀਵਰਮੈਨ, ਮਾਲੀਆਂ ਨੂੰ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਕਰਕੇ ਅਤੇ ਬੈਸਟ ਪਰਫਾਰਮਿੰਗ ਸਕੂਲ ਐਵਾਰਡ ਸ਼ਾਮਲ ਹਨ। ਸ੍ਰੀਮਤੀ ਟਿਵਾਣਾ ਵੱਲੋਂ ਸਨਮਾਨ ਸਮਾਰੋਹ ਵਿੱਚ ਪਹੁੰਚੇ ਮਹਿਮਾਨਾਂ ਨੂੰ ਸਵੱਛਤਾ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਬਾਰੇ ਦੱਸਦੇ ਹੋਏ 'ਸਵੱਛ ਸਰਵੇਖਣ-2021' ਵਿੱਚ ਸ਼ਹਿਰ ਨੂੰ ਅੱਵਲ ਦਰਜੇ ਤੇ ਲਿਆਉਣ ਲਈ ਆਪਣੀ ਭਾਗੀਦਾਰੀ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਨੋਡਲ ਅਫ਼ਸਰ ਸਵੱਛ ਭਾਰਤ ਮਿਸ਼ਨ ਸ੍ਰੀ ਅਸ਼ਵਨੀ ਸਹੋਤਾ ਦੀ ਸਮੁੱਚੀ ਟੀਮ ਵਲੋਂ ਸਾਰੇ ਪ੍ਰੋਗਰਾਮ ਨੂੰ ਸੰਚਾਲਿਤ ਕੀਤਾ ਗਿਆ ਅਤੇ ਸਮਾਰੋਹ ਵਿੱਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੱਤਰ ਜਸਦੇਵ ਸਿੰਘ ਸੇਖੋਂ, ਨਿਗਮ ਕੌਸਲਰ ਰਾਸ਼ੀ ਅਗਰਵਾਲ, ਚੀਫ਼ ਸੈਨੇਟਰੀ ਇੰਸਪੈਕਟਰ ਜਗਜੀਤ ਸਿੰਘ, ਅਮੀਰ ਸਿੰਘ ਬਾਜਵਾ, ਗੁਰਿੰਦਰ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।