ਸਬਜ਼ੀਆਂ ਦੀ ਬਾਗਬਾਨੀ ਵਿਸ਼ੇ 'ਤੇ ਵਿਸ਼ੇਸ਼ ਵੈਬੀਨਾਰ

10

December

2020

ਲੁਧਿਆਣਾ, 10 ਦਸੰਬਰ (ਪਰਮਜੀਤ ਸਿੰਘ) : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਡਾ. ਇੰਦਰਜੀਤ ਸਿੰਘ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਵਲੋਂ ਅੱਜ ਇੱਕ ਵਿਸ਼ੇਸ਼ ਵੈਬੀਨਾਰ “ਸਬਜ਼ੀਆਂ ਦੀ ਬਾਗਬਾਨੀ'' ਵਿਸ਼ੇ 'ਤੇ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਇਆ ਗਿਆ ਜਿਸ ਵਿੱਚ ਡਾ. ਸਰਬਜੀਤ ਸਿੰਘ ਬੱਲ ਸਾਬਕਾ ਡਾਇਰੈਕਟਰ, ਬੀਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮੁੱਖ ਭਾਸ਼ਣ ਦਿੱਤਾ। ਮੂਲ ਮੰਤਰ ਦੇ ਜਾਪ ਉਪਰੰਤ ਡਾ. ਮਹਿੰਦਰ ਸਿੰਘ ਡਾਇਰੈਕਟਰ, ਡਾ. ਇੰਦਰਜੀਤ ਸਿੰਘ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਅਤੇ ਸੰਪਾਦਕ ਬਹੁਮੰਤਵੀ ਖੇਤੀ ਨੇ ਸੈਂਟਰ ਅਤੇ ਡਾ. ਸਰਬਜੀਤ ਸਿੰਘ ਬੱਲ ਦੇ ਜੀਵਨ ਵੇਰਵੇ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ਵਿੱਚ ਡਾ. ਬੱਲ ਨੇ ਕਿਹਾ ਕਿ ਸਬਜ਼ੀਆਂ ਸਾਡੇ ਸਰੀਰ ਦੇ ਲੋੜੀਂਦੇ ਤੱਤਾਂ ਦੀ ਪੂਰਤੀ ਲਈ ਜ਼ਰੂਰੀ ਹਨ, ਮਾਹਿਰਾਂ ਵਲੋਂ ਹਰੇਕ ਵਿਅਕਤੀ ਨੂੰ ਰੋਜ਼ਾਨਾ 280 ਗ੍ਰਾਮ ਸਬਜ਼ੀਆਂ ਖਾਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਸਿਹਤ ਸੰਭਾਲ ਲਈ ਰੋਜ਼ਾਨਾ ਮਾਤਰਾ ਵਿੱਚ ਖਾਧੀਆਂ ਜਾਣ ਵਾਲੀਆਂ ਸਬਜ਼ੀਆਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਸਾਡੀ ਸਿਹਤ ਵਾਸਤੇ ਸਬਜ਼ੀਆਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਪਰ ਅਸੀਂ ਬਹੁਤ ਘੱਟ ਸਬਜ਼ੀਆਂ ਖਾ ਰਹੇ ਹਾਂ। ਤਾਜ਼ਾ ਸਬਜ਼ੀਆਂ ਪੈਦਾ ਕਰਨ ਲਈ ਘਰ ਦੇ ਨੇੜੇ ਸੰਭਵ ਹੋ ਸਕੇ ਤਾਂ ਘਰੇਲੂ ਬਗੀਚੀ ਬਣਾਈ ਜਾਵੇ। ਉਨ੍ਹਾਂ ਘਰੇਲੂ ਬਗੀਚੀ ਦੀ ਲੋੜ, ਉਗਾਈਆਂ ਜਾਣ ਵਾਲੀਆਂ ਸਬਜ਼ੀਆਂ, ਇਨ੍ਹਾਂ ਦੀ ਸੰਭਾਲ ਬਾਰੇ ਦੱਸਦਿਆਂ ਵੱਖ ਵੱਖ ਲੋੜੀਂਦੇ ਨੁਕਤੇ ਸਾਂਝੇ ਕੀਤੇ। ਇਸ ਸਮੇਂ ਮੁੱਖ ਵਕਤਾ ਨੇ ਮਾਰਕੀਟਿੰਗ ਬਾਗਬਾਨੀ ਦੀ ਮਹੱਤਤਾ ਦਾ ਵਿਸਥਾਰ ਵਿੱਚ ਵਰਨਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਿਵਸਥਾ ਤਹਿਤ ਕਿਸਾਨ ਸ਼ਹਿਰ ਦੇ ਨੇੜੇ ਹੋਣ ਕਾਰਨ ਆਪਣੀ ਉਪਜ ਦੀ ਮਾਰਕੀਟਿੰਗ ਆਪ ਸਿੱਧੇ ਤੌਰ 'ਤੇ ਕਰ ਸਕਦਾ ਹੈ ਜਾਂ ਦੁਕਾਨਾਂ ਨੂੰ ਸਿੱਧੀ ਸਪਲਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਬਜ਼ਾਰ ਦੀ ਲੋੜ ਅਨੁਸਾਰ ਸਬਜ਼ੀਆਂ ਅਤੇ ਇਨ੍ਹਾਂ ਨੂੰ ਬੀਜਣ ਤੇ ਸਭ ਸੰਭਾਲ ਲਈ ਜ਼ਰੂਰੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਉਪਰੰਤ ਡਾਕਟਰ ਬੱਲ ਨੇ ਬਾਹਰਲੇ ਰਾਜਾਂ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਦੀ ਮਹੱਤਤਾ ਤੇ ਉਨ੍ਹਾਂ ਦੀ ਖੇਤੀ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਬੇਮੌਸਮੀਆਂ ਸਬਜ਼ੀਆਂ ਉਗਾਉਣ ਲਈ ਵੀ ਕਾਸ਼ਤਕਾਰਾਂ ਨੂੰ ਪ੍ਰੇਰਿਆ। ਅਖੀਰ ਵਿੱਚ ਉਨ੍ਹਾਂ ਸਰੋਤਿਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਢੁੱਕਵੇਂ ਜਵਾਬ ਵੀ ਦਿੱਤੇ। ਵੈਬੀਨਾਰ ਦੇ ਤਕਨੀਕੀ ਸੰਚਾਲਨ ਸ੍ਰ. ਹਰਮੋਹਿੰਦਰ ਸਿੰਘ ਨੰਗਲ, ਚੀਫ਼ ਸਕੱਤਰ ਵਲੋਂ ਸਭਨਾਂ ਦੇ ਧੰਨਵਾਦ ਉਪਰੰਤ ਵੈਬੀਨਾਰ ਦੀ ਸਮਾਪਤੀ ਹੋਈ।