Arash Info Corporation

ਕੱਚੇ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਲਈ ਭੀਖ ਮੰਗੀ

16

October

2018

ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਛੜੇ ਅਤੇ ਪੇਂਡੂ ਇਲਾਕਿਆਂ ਵਿੱਚ ਖੋਲ੍ਹੇ 14 ਕਾਂਸਟੀਚੂਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਯੂਨੀਵਰਸਿਟੀ ਮੇਨ ਕੈਂਪਸ ਦੇ ਠੇਕਾ ਅਾਧਾਰਿਤ ਸਹਾਇਕ ਪ੍ਰੋਫ਼ੈਸਰਾਂ ਅਤੇ ਟੀਚਿੰਗ ਇੰਸਟਰੱਕਟਰਜ਼ ਦੀਆਂ ਮੰਗਾਂ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਟਾਲ-ਮਟੋਲ ਕਰਦਾ ਆ ਰਿਹਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿੱਤੀ ਘਾਟੇ ਦੇ ਲਾਰਿਆਂ ਦੇ ਜਵਾਬ ਵਿੱਚ ਅੱਜ ਇਨ੍ਹਾਂ ਅਧਿਆਪਕਾਂ ਨੇ ਯੂਨੀਵਰਸਿਟੀ ਦੀਆਂ ਵੱਖ-ਵੱਖ ਥਾਵਾਂ ਅਤੇ ਮੇਨ ਗੇਟ ਉੱਪਰ ਲੋਕਾਂ ਅਤੇ ਰਾਹਗੀਰਾਂ ਕੋਲੋਂ ਵਿੱਤੀ ਘਾਟਾ ਪੂਰਾ ਕਰਨ ਲਈ ਭੀਖ ਮੰਗੀ। ਰੋਸ ਵਜੋਂ ਕੱਚੇ ਅਧਿਆਪਕਾਂ ਦਾ ਦਿਨ-ਰਾਤ ਦਾ ਧਰਨਾ ਵਾਈਸ ਚਾਂਸਲਰ ਦਫ਼ਤਰ ਅੱਗੇ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਅੱਜ ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਕਾਲਜ ਆਫ ਇੰਜਨੀਅਰਿੰਗ (ਯੂਕੋ) ਦੇ ਸਹਾਇਕ ਪ੍ਰੋਫ਼ੈਸਰਾਂ ਨੇ ਵੀ ਕਲਾਸਾਂ ਦਾ ਬਾਈਕਾਟ ਕਰ ਕੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਇਹ ਸਹਾਇਕ ਪ੍ਰੋਫੈਸਰ ਅਤੇ ਟੀਚਿੰਗ ਇੰਸਟਰੱਕਟਰਜ਼ ਨਿਗੂਣੀ ਤਨਖਾਹ ਉੱਪਰ ਪਿਛਲੇ 10-12 ਸਾਲਾਂ ਤੋਂ ਠੇਕੇ ਦੇ ਅਾਧਾਰ ਉੱਪਰ ਕੰਮ ਕਰ ਰਹੇ ਹਨ ਅਤੇ ਨਿਯਮਾਂ ਮੁਤਾਬਿਕ ਬਣਦੀ ਪੂਰੀ ਤਨਖਾਹ ਦੀ ਮੰਗ ਕਰ ਰਹੇ ਹਨ। ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿੱਤੀ ਘਾਟੇ ਦੇ ਲਾਰਿਆਂ ਦੇ ਜਵਾਬ ਵਿੱਚ ਅੱਜ ਕਾਂਸਟੀਚੂਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਯੂਨੀਵਰਸਿਟੀ ਮੇਨ ਕੈਂਪਸ ਦੇ ਠੇਕਾ ਆਧਾਰਿਤ ਸਹਾਇਕ ਪ੍ਰੋਫ਼ੈਸਰਾਂ ਅਤੇ ਟੀਚਿੰਗ ਇੰਸਟਰੱਕਟਰਜ਼ ਵੱਲੋਂ ਯੂਨੀਵਰਸਿਟੀ ਦੀਆਂ ਵੱਖ-ਵੱਖ ਥਾਵਾਂ ਅਤੇ ਮੇਨ ਗੇਟ ਉੱਪਰ ਲੋਕਾਂ ਅਤੇ ਰਾਹਗੀਰਾਂ ਕੋਲੋਂ ਵਿੱਤੀ ਘਾਟਾ ਪੂਰਾ ਕਰਨ ਲਈ ਭੀਖ ਮੰਗੀ ਗਈ। ਭੀਖ ਵਿੱਚ ਜਮ੍ਹਾਂ ਹੋਈ ਰਾਸ਼ੀ ਵਾਈਸ ਚਾਂਸਲਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਪੁਕਟਾ ਦੇ ਆਗੂਆਂ ਨੇ ਕਿਹਾ ਕਿ ਇਹ ਰਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਪੁਕਟਾ ਯੂਨੀਅਨ ਦੇ ਪ੍ਰਧਾਨ ਡਾ. ਲਵਦੀਪ ਸ਼ਰਮਾ ਨੇ ਸਰਕਾਰਾਂ ਤੇ ਪ੍ਰਸ਼ਾਸਨ ਦੇ ਪੇਂਡੂ ਖੇਤਰਾਂ ਦੇ ਕਾਲਜਾਂ ਪ੍ਰਤੀ ਬੇਰੁਖੀ ਵਾਲੇ ਰਵੱਈਏ ਦੀ ਨਿਖੇਧੀ ਕੀਤੀ ਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ। ਇਸ ਮੌਕੇ ਅਧਿਆਪਕਾਂ ਨੇ ਰੋਸਮਈ ਟੱਪੇ ਵੀ ਗਾਏ। ਅਧਿਆਪਕ ਜਮਾਤਾਂ ਲਾਉਣ: ‘ਵਰਸਿਟੀ ਪੰਜਾਬੀ ਯੂਨੀਵਰਸਿਟੀ ਵਿੱਚ ਕਾਂਸਟੀਚੂਐਂਟ ਕਾਲਜਾਂ ਦੇ ਠੇਕਾ ਅਧਿਆਪਕਾਂ ਵੱਲੋਂ ਭੀਖ ਮੰਗਣ ਦੇ ਕੀਤੇ ਰੋਸ ਪ੍ਰੋਗਰਾਮ ’ਤੇ ਪ੍ਰਤੀਕ੍ਰਿਆ ਕਰਦਿਆਂ ’ਵਰਸਿਟੀ ਅਥਾਰਿਟੀ ਨੇ ਆਖਿਆ ਕਿ ਪਿਛਲੇ ਦਿਨੀਂ ਇਸ ਵਰਗ ਦੀ ਤਨਖਾਹ ਵਧਾ ਦਿੱਤੀ ਗਈ ਹੈ, ਜੋ ਕਿ ਹੋਰ ਯੂਨੀਵਰਸਿਟੀਆਂ ਦੇ ਬਰਾਬਰ ਕਰ ਦਿੱਤੀ ਗਈ ਹੈ। ਦੇਰ ਸ਼ਾਮ ਕਾਂਸਟੀਚੁਐਟ ਕਾਲਜਾਂ ਦੇ ਡਾਇਰੈਕਟਰ ਡਾ. ਕਿਰਨਜੀਤ ਕੌਰ ਨੇ ਜਾਰੀ ਕੀਤੇ ਬਿਆਨ ’ਚ ਆਖਿਆ ਹੈ ਕਿ ਰੈਗੂਲਰ ਸਬੰਧੀ ਯੂ.ਜੀ.ਸੀ. ਦੇ ਦਿਸ਼ਾ ਨਿਰਦੇਸ਼ ਅਪਨਾਏ ਜਾਣਗੇ। ਇਸ ਸਥਿਤੀ ਵਿੱਚ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪੋ ਆਪਣੇ ਕਾਲਜਾਂ ਵਿੱਚ ਜਾ ਕੇ ਜਮਾਤਾਂ ਲਗਾਉਣੀਆਂ ਸ਼ੁਰੂ ਕਰ ਦੇਣ। ਅਥਾਰਟੀ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਅਧਿਆਪਕ ਅੱਜ ਵਾਂਗ ਭੀਖ ਮੰਗਣ ਵਰਗੇ ਰੋਸ ਢੰਗ ਨਾ ਅਪਨਾਉਣ ਕਿਉਂਕਿ ਅਜਿਹਾ ਕਰਨਾ ਅਧਿਆਪਕ ਦੇ ਰੁਤਬੇ ਨੂੰ ਸ਼ੋਭਾ ਨਹੀਂ ਦਿੰਦਾ।