‘ਬਾਬਾ ਕਾ ਢਾਬਾ’ ਦੇ ਮਾਲਕ ਨੇ ਯੂਟਿਊਬਰ ’ਤੇ ਲਾਏ ਫੰਡਾਂ ਦੀ ਦੁਰਵਰਤੋਂ ਦੇ ਦੋਸ਼

02

November

2020

ਨਵੀਂ ਦਿੱਲੀ, 2 ਨਵੰਬਰ- ਦੱਖਣੀ ਦਿੱਲੀ ਦੇ ਮਾਲਵੀਆ ਨਗਰ ’ਚ ‘ਬਾਬਾ ਕਾ ਢਾਬਾ’ ਨਾਂ ਨਾਲ ਮਸ਼ਹੂਰ ਹੋਏ ਕਾਂਤਾ ਪ੍ਰਸਾਦ ਨੇ ਉਨ੍ਹਾਂ ਨੂੰ ਮਸ਼ਹੂਰ ਕਰਨ ਵਾਲੇ ਯੂਟਿਊਬਰ ’ਤੇ ਉਸ ਦੇ ਨਾਂ ’ਤੇ ਜੁਟਾਏ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। 80 ਸਾਲਾ ਕਾਂਤਾ ਪ੍ਰਸਾਦ ਨੇ ਯੂਟਿਊਬਰ ਗੌਰਵ ਵਾਸਨ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਲੌਕਡਾਊਨ ਦੌਰਾਨ ਕਾਂਤਾ ਪ੍ਰਸਾਦ ਦੀ ਹਾਲਤ ਦਿਖਾਈ ਗਈ ਸੀ ਜਿਸ ਤੋਂ ਬਾਅਦ ਅਚਾਨਕ ਹੀ ਬਾਬਾ ਕਾ ਢਾਬਾ ਮਸ਼ਹੂਰ ਹੋ ਗਿਆ ਤੇ ਉੱਥੇ ਲੋਕਾਂ ਦੀ ਭੀੜ ਲੱਗ ਗਈ ਸੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕਾਂਤਾ ਪ੍ਰਸਾਦ ਨੇ ਕਿਹਾ ਕਿ ਵਾਸਨ ਨੇ ਇੱਕ ਵੀਡੀਓ ਸ਼ੂਟ ਕੀਤੀ ਤੇ ਇਸ ਨੂੰ ਆਨਲਾਈਨ ਪੋਸਟ ਕਰਕੇ ਲੋਕਾਂ ਨੂੰ ਢਾਬੇ ਦੇ ਮਾਲਕ ਨੂੰ ਪੈਸੇ ਦਾਨ ਕਰਨ ਲਈ ਪ੍ਰੇਰਿਤ ਕੀਤਾ। ਉਸ ਨੇ ਦੋਸ਼ ਲਾਇਆ ਕਿ ਵਾਸਨ ਨੇ ਕਥਿਤ ਤੌਰ ’ਤੇ ਸਿਰਫ਼ ਆਪਣੇ ਤੇ ਆਪਣੇ ਦੋਸਤਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਹੀ ਦਿੱਤੇ ਤੇ ਦਾਨੀਆਂ ਨੂੰ ਮਦਦ ਲਈ ਕਿਹਾ। ਉੱਧਰ ਪੁਲੀਸ ਕਮਿਸ਼ਨ (ਦੱਖਣੀ) ਅਤੁਲ ਕੁਮਾਰ ਠਾਕੁਰ ਨੇ ਕਿਹਾ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ।