ਸਵੈ ਰੋਜ਼ਗਾਰ ਸ਼ੁਰੂ ਕਰਨ ਲਈ 26 ਨੌਜਵਾਨਾਂ ਨੂੰ ਦਿੱਤੇ ਜਾਣਗੇ 120.53 ਲੱਖ ਦੇ ਕਰਜੇ: ਗਿੱਲ

29

October

2020

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਮੁਖਤਿਆਰ ਸਿੰਘ): ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਘਰ-ਘਰ ਰੋਜ਼ਗਾਰ ਅਧੀਨ ਜ਼ਿਲ੍ਹਾ ਉਦਯੋਗ ਕੇਂਦਰ, ਖਾਦੀ ਬੋਰਡ ਤੇ ਖਾਦੀ ਕਮਿਸ਼ਨ ਵੱਲੋਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਕਰਜ਼ੇ ਦਿੱਤੇ ਜਾਂਦੇ ਹਨ ਤਾਂ ਜੋ ਨੌਜਵਾਨ ਸਵੈ ਰੋਜ਼ਗਾਰ ਸ਼ੁਰੂ ਕਰਕੇ ਆਪਣਾ ਆਰਥਿਕ ਪੱਧਰ ਉਚਾ ਚੁੱਕ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਵੈ ਰੋਜ਼ਗਾਰ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਤਹਿਤ ਵੀ 01 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਉਦਯੋਗ ਕੇਂਦਰ ਵੱਲੋਂ 26 ਕੇਸ ਮਨਜੂਰ ਕਰਕੇ 120.53 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ ਜਿਸ ਵਿੱਚੋਂ ਹੁਣ ਤੱਕ ਬੈਂਕਾਂ ਵੱਲੋਂ 08 ਕੇਸਾਂ ਵਿੱਚ 9.44 ਲੱਖ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ ਅਤੇ 04 ਕੇਸਾਂ ਵਿੱਚ 7.17 ਲੱਖ ਰੁਪਏ ਦੀ ਸਬਸਿਡੀ ਵੀ ਦਿੱਤੀ ਗਈ ਹੈ। ਉਨ੍ਹਾਂ ਸਮੂਹ ਬੈਂਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਵੈ ਰੋਜ਼ਗਾਰ ਲਈ ਕਰਜਿਆਂ ਦੇ ਕੇਸ ਆਉਣ 'ਤੇ ਉਨ੍ਹਾਂ ਦਾ ਛੇਤੀ ਫੈਸਲਾ ਕੀਤਾ ਜਾਵੇ ਅਤੇ ਜੇਕਰ ਕੋਈ ਕੇਸ ਪਾਸ ਨਹੀਂ ਹੁੰਦਾ ਤਾਂ ਉਸ ਦਾ ਢੁਕਵਾਂ ਕਾਰਨ ਜਰੂਰ ਦੱਸਿਆ ਤਾਂ ਜੋ ਕੇਸ ਵਿਚਲੀਆਂ ਤਰੁੱਟੀਆਂ ਦੂਰ ਕਰਵਾ ਕੇ ਮੁੜ ਭੇਜਿਆ ਜਾ ਸਕੇ। ਸ਼੍ਰੀਮਤੀ ਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਅਧੀਨ 18 ਸਾਲ ਤੋਂ ਵੱਧ ਉਮਰ ਦੇ ਅੱਠਵੀਂ ਪਾਸ ਵਿਅਕਤੀਆਂ ਨੂੰ ਉਦਯੋਗ ਲਗਾਉਣ ਲਈ 25 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ ਅਤੇ 10 ਲੱਖ ਰੁਪਏ ਦਾ ਕਰਜਾ ਸਰਵਿਸ ਯੂਨਿਟ ਲਗਾਉਣ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਜਨਰਲ ਕੈਟਾਗਿਰੀ ਦੇ ਮਰਦਾਂ ਨੂੰ ਸ਼ਹਿਰੀ ਖੇਤਰ ਲਈ 15 ਫੀਸਦੀ ਅਤੇ ਪੇਂਡੂ ਖੇਤਰ ਲਈ 25 ਫੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਐਸ.ਸੀ./ ਐਸ.ਟੀ./ ਓ.ਬੀ.ਸੀ./ ਇਸਤਰੀ/ਘੱਟ ਗਿਣਤੀ/ ਸਾਬਕਾ ਫੌਜੀਆਂ ਅਤੇ ਸਰੀਰਕ ਤੌਰ 'ਤੇ ਦਿਵਿਆਂਗ ਵਰਗ ਨੂੰ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਜ਼ਿਲ੍ਹਾ ਉਦਯੋਗ ਕੇਂਦਰ ਦੇ ਡੀ.ਐਮ. ਜੀ.ਐਸ. ਦਿਓਲ ਨੇ ਦੱਸਿਆ ਕਿ ਕਰਜਾ ਲੈਣ ਲਈ ਬੇਰੋਜ਼ਗ ਕਰਜ਼ਾ ਲੈਣ ਲਈ ਖਾਦੀ ਤੇ ਗਰਾਮ ਉਦਯੋਗ ਕਮਿਸ਼ਨ ਦੀ ਵੈਬਸਾਈਟ www.kvic.org.in 'ਤੇ ਆਨ ਲਾਈਨ ਅਪਲਾਈ ਕਰ ਸਕਦਾ ਹੈ। ਇਸ ਸਕੀਮ ਅਧੀਨ ਜ਼ਿਲ੍ਹਾ ਪੱਧਰ 'ਤੇ ਟਾਸਕ ਫੋਰਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਇਸ ਸਕੀਮ ਦੀ ਸਮੀਖਿਆ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ਼੍ਰੀ ਜਸਵੰਤ ਸਿੰਘ, ਐਸ.ਸੀ. ਕਾਰਪੋਰੇਸ਼ਨ ਦੇ ਏ.ਡੀ.ਐਮ. ਹਾਕਮ ਸਿੰਘ, ਪਿੰਡ ਪੰਡਰਾਲੀ ਦੇ ਸਰਪੰਚ ਗੁਰਮੁੱਖ ਸਿੰਘ ਪੰਡਰਾਲੀ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਸਿਖਲਾਈ ਅਫਸਰ ਸ਼੍ਰੀਮਤੀ ਅਰਵਿੰਦਰ ਕੌਰ, ਆਰਸੇਟੀ ਦੇ ਆਰ.ਸੀ. ਸ਼ਰਮਾ, ਖਾਦੀ ਕਮਿਸ਼ਨ ਵੱਲੋਂ ਤੇਜਿੰਦਰ ਸਿੰਘ ਸਰਾਓ, ਖਾਦੀ ਬੋਰਡ ਵੱਲੋਂ ਸੁਨੀਲ ਕੁਮਾਰ ਅਤੇ ਸਰਪੰਚ ਕੁੰਭ ਗੁਰਿੰਦਰਪਾਲ ਸਿੰਘ ਵੀ ਮੌਜੂਦ ਸਨ।