ਖ਼ਾਲਸਾ ਕਾਲਜ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਾਰਤਾ

29

October

2020

ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ)- ਖ਼ਾਲਸਾ ਕਾਲਜ ਦੇ ਹਿੰਦੀ ਵਿਭਾਗ ਵਲੋਂ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ ਦੀ ਆਨਲਾਈਨ ਵਾਰਤਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਉਚ ਪੱਧਰ ਦੇ ਵਿਦਵਾਨਾਂ ਦੇ ਨਾਲ ਨਾਲ ਵਿਦਿਆਰਥੀਆਂ ਵਲੋਂ ਸ਼ਿਰਕਤ ਕੀਤੀ ਗਈ। ਹਿੰਦੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਸ: ਹਰਮਿੰਦਰ ਸਿੰਘ ਬੇਦੀ, ਚਾਂਸਲਰ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼, ਇਸ ਵਾਰਤਾ ਦੇ ਮੁੱਖ ਵਕਤਾ ਸਨ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਹੋਇਆ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੀਆਂ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਹਿੰਦੀ ਅਤੇ ਸੰਗੀਤ ਵਿਭਾਗ ਦੇ ਆਨਲਾਈਨ ਵਾਰਤਾ ਦੀ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਫ਼ਲਸਫੇ 'ਤੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੇ ਪੂਰੀ ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦਾ ਪੈਗਾਮ ਦਿੱਤਾ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਏਸ਼ੀਆ ਦੇ ਮੁਲਕਾਂ ਦੀ ਸਿਆਸੀ ਅਤੇ ਸਮਾਜਿਕ ਹੋਣੀ ਨੂੰ ਇਕ ਨਵਾਂ ਮੋੜ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਡਾ. ਸੁਨੀਲ ਕੁਮਾਰ ਨੇ ਗੁਰੂ ਸਾਹਿਬ ਦੇ ਕਾਵਿ ਚਿੰਤਨ 'ਤੇ ਬੋਲਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਾਵਿ ਕਲਾ, ਭਾਸ਼ਾ ਅਤੇ ਦਰਸ਼ਨ ਦੇ ਪੱਖੋਂ ਭਾਰਤੀ ਸਾਹਿਤ ਵਿੱਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਸ ਮੌਕੇ ਅੰਤਰਰਾਸ਼ਟਰੀ ਪੱਧਰ 'ਤੇ ਪਖਾਵਚ ਵਾਦਕ ਪ੍ਰੋ: ਹਰਭਜਨ ਸਿੰਘ ਧਾਰੀਵਾਲ ਨੇ ਸੰਗੀਤ ਨਾਲ ਗੁਰੂ ਤੇਗ ਬਹਾਦਰ ਜੀ ਦੇ ਅਟੁੱਟ ਸਬੰਧ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਜੀ ਨੇ ਇਕ ਨਵੇਂ ਰਾਗ, 'ਰਾਗ ਜੈਜਾਵੰਤੀ' 'ਚ ਵੀ ਆਪਣੀ ਬਾਣੀ ਦਾ ਗਾਇਨ ਕੀਤਾ ਤੇ ਪਖਾਵਚ ਵਾਦਨ ਨੂੰ ਕੀਰਤਨ ਪ੍ਰੰਪਰਾ 'ਚ ਸ਼ਾਮਿਲ ਕੀਤਾ। ਹਿੰਦੀ, ਸੰਗੀਤ ਅਤੇ ਫ਼ਾਈਨ ਆਰਟਸ ਵਿਭਾਗ ਦੇ ਮੁੱਖੀ ਡਾ. ਸੁਰਜੀਤ ਕੌਰ ਨੇ ਵਾਰਤਾ ਦਾ ਸੰਚਾਲਨ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੀ ਬਹੁਪੱਖੀ ਸ਼ਖਸ਼ੀਅਤ ਬਾਰੇ ਆਪਣੇ ਵਿਚਾਰ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ 'ਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ 'ਚੋਂ ਰਾਗਬਧ ਸ਼ਬਦ ਦਾ ਗਾਇਨ ਕੀਤਾ ਗਿਆ। ਖ਼ਾਲਸਾ ਕਾਲਜ ਦੇ ਅਲੂਮਨੀ ਕੋਮਲਪ੍ਰੀਤ ਕੌਰ ਅਤੇ ਸ੍ਰੀ ਵਿਵੇਕ ਮਹਾਜਨ ਵਲੋਂ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਣਾਮ ਕਰਦਿਆਂ ਹੋਇਆ ਸੋਜਮਈ ਕਵਿਤਾ ਅਤੇ ਪ੍ਰੋ: ਮਹਿਤਾਬ ਕੌਰ ਦੁਆਰਾ ਤਿਆਰ ਕੀਤੇ ਗਏ ਖੂਬਸੂਰਤ ਚਿੱਤਰ ਨਾਲ ਬਾਣੀ ਦਾ ਰਸਭਿੰਨਾ ਗਾਇਨ ਕੀਤਾ ਗਿਆ। ਗਹਿਨ ਗੰਭੀਰ ਵਾਰਤਾ ਨੂੰ ਸੰਗੀਤ ਅਤੇ ਚਿੱਤਰਕਾਰੀ ਨੇ ਜੀਵੰਤ ਬਣਾ ਦਿੱਤਾ। ਕਾਲਜ ਰਜਿਸਟਰਾਰ ਸ: ਦਵਿੰਦਰ ਸਿੰਘ ਨੇ ਵਾਰਤਾ 'ਚ ਸ਼ਾਮਿਲ ਵਿਦਵਾਨਾਂ, ਪ੍ਰਿੰਸੀਪਲ, ਡਾ. ਸੁਰਜੀਤ ਕੌਰ ਅਤੇ ਸੰਗੀਤ ਵਿਭਾਗ ਦੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਇਸ ਸਫ਼ਲ ਆਯੋਜਨ ਦੀ ਵਧਾਈ ਦਿੱਤੀ।