ਡੇਟਾ ਸੁਰੱਖਿਆ: ਐਮਾਜ਼ੋਨ ਵੱਲੋਂ ਜੇਪੀਸੀ ਅੱਗੇ ਪੇਸ਼ ਹੋਣ ਤੋਂ ਇਨਕਾਰ

23

October

2020

ਨਵੀਂ ਦਿੱਲੀ, 23 ਅਕਤੂਬਰ (ਜੀ.ਐਨ.ਐਸ.ਏਜੰਸੀ) ਈ-ਕਾਮਰਸ ਜਾਇੰਟ ਐਮਾਜ਼ੋਨ ਨੇ ਡੇਟਾ ਸੁਰੱਖਿਆ ਬਿੱਲ ਨੂੰ ਲੈ ਕੇ ਸੰਸਦ ਦੀ ਸਾਂਝੀ ਕਮੇਟੀ (ਜੇਪੀਸੀ) ਦੀ 28 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਕਮੇਟੀ ਦੀ ਚੇਅਰਪਰਸਨ ਤੇ ਭਾਜਪਾ ਦੀ ਸੰਸਦ ਮੈਂਬਰ ਮਿਨਾਕਸ਼ੀ ਲੇਖੀ ਨੇ ਇਹ ਜਾਣਕਾਰੀ ਦਿੰਦਿਆਂ ਐਮਾਜ਼ੋਨ ਦੀ ਇਸ ਕਾਰਵਾਈ ਨੂੰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ। ਲੇਖੀ ਨੇ ਕਿਹਾ ਕਿ ਕਮੇਟੀ ਮੈਂਬਰ ਈ-ਕਾਮਰਸ ਕੰਪਨੀ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਇਕਮੱਤ ਹੈ। ਇਸ ਦੌਰਾਨ ਭਾਰਤ ਵਿੱਚ ਫੇਸਬੁੱਕ ਦਾ ਕਾਰੋਬਾਰ ਵੇਖਦੇ ਅਣਖੀ ਦਾਸ ਅੱਜ ਜੇਪੀਸੀ ਅੱਗੇ ਪੇਸ਼ ਹੋਏ। ਸੂਤਰਾਂ ਮੁਤਾਬਕ ਕਮੇਟੀ ਮੈਂਬਰਾਂ ਨੇ ਫੇਸਬੁੱਕ ਦੇ ਨੁਮਾਇੰਦੇ ਨੂੰ ਕਈ ਮੁਸ਼ਕਲ ਸਵਾਲ ਕੀਤੇ। ਮੀਟਿੰਗ ਦੌਰਾਨ ਕਮੇਟੀ ਮੈਂਬਰ ਨੇ ਸੁਝਾਅ ਦਿੱਤਾ ਕਿ ਸੋਸ਼ਲ ਮੀਡੀਆ ਜਾਇੰਟ ਆਪਣੇ ਇਸ਼ਤਿਹਾਰਦਾਤਿਆਂ ਦੇ ਵਪਾਰਕ ਹਿਤਾਂ ਲਈ ਆਪਣੇ ਵਰਤੋਂਕਾਰਾਂ ਦੇ ਡੇਟਾ ਨਾਲ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਾ ਕਰੇ। ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਅਤੇ ਗੂਗਲ ਤੇ ਪੇਟੀਐੱਮ ਕ੍ਰਮਵਾਰ 28 ਤੇ 29 ਅਕਤੂਬਰ ਨੂੰ ਜੇਪੀਸੀ ਅੱਗੇ ਪੇਸ਼ ਹੋਣਗੇ।