ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ

07

February

2020

ਸੁਨਾਮ ਊਧਮ ਸਿੰਘ ਵਾਲਾ, 7 ਫਰਵਰੀ - ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਪਰਮਿੰਦਰ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ 'ਤੇ ਲਿਆਉਣ ਦੇ ਮੰਤਵ ਨਾਲ ਵਿੱਢੇ ਗਏ ਸੰਘਰਸ਼ ਦੀ ਹਮਾਇਤ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸੇ ਲੜੀ ਤਹਿਤ ਅੱਜ ਪਾਰਟੀ ਦਫ਼ਤਰ ਅੱਗੇ ਦੋ ਦਰਜਨ ਦੇ ਕਰੀਬ ਜ਼ਿਲ੍ਹਾ ਅਹੁਦੇਦਾਰਾਂ ਸਮੇਤ ਹੋਰਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ। ਇਸ ਸਮੇਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਵੰਤ ਸਿੰਘ ਲਖਮੀਰਵਾਲਾ, ਡਾ. ਰੂਪ ਸਿੰਘ ਸ਼ੇਰੋਂ, ਜਨਰਲ ਕੌਂਸਲ ਮੈਂਬਰ ਬਿੰਦਰਪਾਲ ਨਮੋਲ, ਮੀਤ ਪ੍ਰਧਾਨ ਸੁਖਦੇਵ ਸਿੰਘ ਕੋਟੜਾਂ ਅਮਰੂ, ਹਰੀ ਸਿੰਘ ਸ਼ਾਹਪੁਰ ਕਲਾਂ ਅਤੇ ਦਰਸ਼ਨ ਸਿੰਘ ਸੰਗਤੀਵਾਲਾ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਦੀਆਂ ਆਪ ਹੁਦਰੀਆਂ ਕਾਰਵਾਈਆਂ ਕਾਰਨ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਵਾਲੇ ਆਗੂਆਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਤਾਂ ਅਹੁਦੇਦਾਰ ਹੀ ਨਹੀਂ ਹਨ ਤਾਂ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਕੱਢਣ ਦਾ ਕੋਈ ਅਧਿਕਾਰ ਵੀ ਨਹੀਂ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਮੁਤਾਬਕ ਜੇਕਰ ਪਾਰਟੀ ਦਾ ਅਜੇ ਕੋਈ ਜਥੇਬੰਦਕ ਢਾਂਚਾ ਹੀ ਨਹੀਂ ਬਣਿਆ ਤਾਂ ਫਿਰ ਅਜੇ ਕੋਰ ਕਮੇਟੀ ਦਾ ਵੀ ਕੋਈ ਮੈਂਬਰ ਨਹੀਂ ਹੈ।ਉਕਤ ਆਗੂਆਂ ਨੇ ਕਿਹਾ ਕਿ 'ਬਾਦਲ ਭਜਾਓ,ਪੰਥ ਅਤੇ ਪੰਜਾਬ ਬਚਾਓ' ਦੇ ਬੈਨਰ ਹੇਠ 23 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਸੁਖਬੀਰ ਸਿੰਘ ਬਾਦਲ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗੀ।