ਅੰਮ੍ਰਿਤਸਰ ਵਿੱਚ ਸਫ਼ਾਈ ਮੁਹਿੰਮ ਤੇਜ਼, ਘਰ-ਘਰ ਕੂੜਾ ਇਕੱਠਾ ਕਰਨ ਲਈ ਨਵੀਂ ਪ੍ਰਣਾਲੀ ਲਾਗੂ
(ਆਰ.ਕੇ. ਸੋਨੀ): ਮਿਊਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਸਫ਼ਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣ ਲਈ ਕਈ ਨਵੀਂਆਂ ਅਤੇ ਪ੍ਰਭਾਵਸ਼ਾਲੀ ਪਹਲਾਂ ਲਾਗੂ ਕੀਤੀਆਂ ਗਈਆਂ ਹਨ। ਮਿਊਂਸਿਪਲ ਕਮਿਸ਼ਨਰ ਦੇ ਨਿਰਦੇਸ਼ਾਂ ਹੇਠ ਸ਼ਹਿਰ ਦੇ ਸਾਰੇ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਵਿੱਚ 100 ਫੀਸਦੀ ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਲਾਗੂ ਕੀਤੀ ਗਈ ਹੈ। ਵੱਖ-ਵੱਖ ਵਾਰਡਾਂ ਵਿੱਚ ਵਾਹਨਾਂ ਅਤੇ ਮੈਨੁਅਲ ਰਿਕਸ਼ਿਆਂ ਦੀ ਸੁਚੱਜੀ ਤਾਇਨਾਤੀ ਕਰਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੂੜਾ ਸਮੇਂ ਸਿਰ ਇਕੱਠਾ ਹੋਵੇ ਅਤੇ ਕਿਤੇ ਵੀ ਇਕੱਠਾ ਨਾ ਰਹਿ ਜਾਵੇ। ਸਫ਼ਾਈ ਪ੍ਰਣਾਲੀ ਵਿੱਚ ਤਕਨੀਕੀ ਸੁਧਾਰਾਂ ਦੇ ਤਹਿਤ QR ਕੋਡ ਆਧਾਰਿਤ ਮਾਨੀਟਰਿੰਗ ਸਿਸਟਮ ਵੀ ਲਾਗੂ ਕੀਤਾ ਗਿਆ ਹੈ। ਇਸ ਦੇ ਅਧੀਨ ਲਗਭਗ 1.5 ਲੱਖ ਘਰਾਂ ਨੂੰ ਟੈਗ ਕੀਤਾ ਗਿਆ ਹੈ, ਜਿਸ ਨਾਲ ਕੂੜਾ ਇਕੱਠਾ ਕਰਨ ਦੀ ਕਾਰਵਾਈ ’ਤੇ ਰੀਅਲ-ਟਾਈਮ ਨਿਗਰਾਨੀ ਹੋ ਰਹੀ ਹੈ ਅਤੇ ਪਾਰਦਰਸ਼ਤਾ ਵਿੱਚ ਵਾਧਾ ਹੋਇਆ ਹੈ। ਕੂੜਾ ਪ੍ਰਬੰਧਨ ਨੂੰ ਹੋਰ ਵਿਗਿਆਨਕ ਬਣਾਉਣ ਲਈ ਇੰਟੀਗ੍ਰੇਟਿਡ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਵੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਮੋਡ ’ਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਤਹਿਤ ਕੂੜੇ ਦੀ ਛਟਾਈ, ਕੰਪੋਸਟਿੰਗ ਅਤੇ ਵਾਤਾਵਰਣ ਅਨੁਕੂਲ ਨਿਪਟਾਰੇ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਨਾਲ ਹੀ ਸ਼ਹਿਰ ਵਿੱਚ ਗਾਰਬੇਜ ਵਲਨਰੇਬਲ ਪਾਇੰਟਸ ਨੂੰ ਖਤਮ ਕਰਨ ਲਈ ਵੀ ਯਤਨ ਜਾਰੀ ਹਨ। ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਮਕੈਨਾਈਜ਼ਡ ਕਲੀਨਿੰਗ ਨੂੰ ਵਧਾਇਆ ਗਿਆ ਹੈ ਅਤੇ ਅਧੁਨਿਕ ਲਿਟਰ-ਪਿਕਿੰਗ ਮਸ਼ੀਨਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਸ ਨਾਲ ਸਫ਼ਾਈ ਦੇ ਮਿਆਰ ਹੋਰ ਉੱਚੇ ਹੋਏ ਹਨ। ਇਨ੍ਹਾਂ ਉਪਰਾਲਿਆਂ ਨਾਲ ਰੋਜ਼ਾਨਾ ਕੂੜਾ ਇਕੱਠਾ ਕਰਨ ਦੀ ਸਮਰੱਥਾ ਵਿੱਚ ਵੀ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਕਾਰਪੋਰੇਸ਼ਨ ਵੱਲੋਂ ਲੋਕ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਨਾਗਰਿਕਾਂ ਨੂੰ ਕੂੜੇ ਦੀ ਛਟਾਈ ਅਤੇ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਮਿਊਂਸਿਪਲ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਕਾਰਪੋਰੇਸ਼ਨ ਸ਼ਹਿਰ ਨੂੰ ਸਾਫ਼ ਅਤੇ ਸਿਹਤਮੰਦ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਹੀ ਕੂੜੇ ਦੀ ਛਟਾਈ ਕਰਨ ਅਤੇ ਸਫ਼ਾਈ ਕਰਮਚਾਰੀਆਂ ਦਾ ਸਹਿਯੋਗ ਦੇਣ, ਤਾਂ ਜੋ ਅੰਮ੍ਰਿਤਸਰ ਨੂੰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਜਾ ਸਕੇ।
Posted By: Daily Suraj Bureau