Daily Suraj

ਪੰਜਾਬੀ

ਕੈਲੀਫੋਰਨੀਆ 'ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ, ਪਤੀ ਗ੍ਰਿਫ਼ਤਾਰ

17 Oct, 2026 09:13 PM

ਅਮਰੀਕਾ ਦੇ ਕੈਲੀਫੋਰਨੀਆ ਸਥਿਤ ਸੈਕਰਾਮੈਂਟੋ ਰਿਹਾਇਸ਼ ਤੋਂ 30 ਸਤੰਬਰ ਤੋਂ ਲਾਪਤਾ ਚੱਲ ਰਹੀ ਪੰਜਾਬੀ ਮੂਲ ਦੀ ਔਰਤ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਰਾਮੈਂਟੋ ਕਾਊਂਟੀ ਸ਼ੈਰਿਫ ਦਫ਼ਤਰ ਵੱਲੋਂ ਕੀਤੀ ਗਈ ਗੰਭੀਰ ਜਾਂਚ ਤੋਂ ਬਾਅਦ ਮ੍ਰਿਤਕਾ ਦੇ ਪਤੀ ਗੁਰਿੰਦਰ ਗਿੱਲ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੈਸਮੀਨ ਦੇ ਚਚੇਰੇ ਭਰਾ ਵੱਲੋਂ 4 ਅਕਤੂਬਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ ਖੇਤਰ ਵਿੱਚੋਂ ਇੱਕ ਔਰਤ ਦੀ ਸੜੀ ਹੋਈ ਦੇਹ ਬਰਾਮਦ ਹੋਈ ਸੀ। ਜਾਂਚ ਅਤੇ ਫੋਰੈਂਸਿਕ ਪੜਤਾਲ ਤੋਂ ਬਾਅਦ ਇਸ ਦੇਹ ਦੀ ਪਛਾਣ ਜੈਸਮੀਨ ਗਿੱਲ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਪਤੀ ਗੁਰਿੰਦਰ ਨੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾਏ। ਉਸ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਸ ਦੀ ਪਤਨੀ ਘਰ ਦੇ ਬਾਹਰੋਂ ਡਾਕ (ਮੇਲ) ਚੈੱਕ ਕਰ ਰਹੀ ਸੀ ਤਾਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਦੇ ਏਜੰਟ ਉਸ ਨੂੰ ਹਿਰਾਸਤ ਵਿੱਚ ਲੈ ਕੇ ਗਏ ਸਨ। ਹਾਲਾਂਕਿ, ਜਦੋਂ ਤਫ਼ਤੀਸ਼ੀ ਅਫ਼ਸਰਾਂ ਨੇ ਸੰਬੰਧਿਤ ਵਿਭਾਗ (ICE) ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਕਤ ਪਤੇ 'ਤੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਜਾਂਚ ਅੱਗੇ ਵਧਣ 'ਤੇ ਪੁਲੀਸ ਨੂੰ ਗੁਰਿੰਦਰ ਦੇ ਬਿਆਨਾਂ ਵਿੱਚ ਵੱਡੇ ਪੱਧਰ 'ਤੇ ਵਿਰੋਧਾਭਾਸ ਮਿਲੇ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜੋੜੇ ਵਿਚਕਾਰ ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਠੋਸ ਸਬੂਤਾਂ ਦੇ ਆਧਾਰ 'ਤੇ ਹੋਮੀਸਾਈਡ ਡਿਟੈਕਟਿਵਜ਼ ਨੇ ਮੁਲਜ਼ਮ ਖ਼ਿਲਾਫ਼ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ 14 ਅਕਤੂਬਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਅਤੇ ਜਾਂਚ ਲਗਾਤਾਰ ਜਾਰੀ ਹੈ।

Latest News