ਪ੍ਰਧਾਨ ਮੰਤਰੀ ਮੋਦੀ ਨੇ ਭੋਗਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਅਮਰਾਵਤੀ ਪਹੁੰਚੇ, ਜਿੱਥੇ ਉਨ੍ਹਾਂ ਨੇ ਲਗਭਗ 18,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਭੋਗਪੁਰਮ ਸਥਿਤ ਅਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਭੋਗਪੁਰਮ ਹਵਾਈ ਅੱਡੇ ਦੀਆਂ ਸਹੂਲਤਾਂ ਦਾ ਦੌਰਾ ਕੀਤਾ। ਹਵਾਈ ਅੱਡੇ ਦਾ ਡਿਜ਼ਾਈਨ ਚੁਟੀਲੂ ਕਾਟੇਜ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਵਿਜਿਆਨਗਰਮ ਜ਼ਿਲ੍ਹੇ ਦੇ ਭੋਗਪੁਰਮ ਵਿੱਚ ਸਥਿਤ ਇਹ ਹਵਾਈ ਅੱਡਾ ਲਗਭਗ 5,000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰੋਡ ਸ਼ੋਅ ਵਿੱਚ ਵੀ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ‘ਤੇ ‘X’ ‘ਤੇ ਪੋਸਟ ਕਰਦਿਆਂ ਕਿਹਾ ਕਿ ਭੋਗਪੁਰਮ ਵਿਖੇ ਅਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੇ ਇਸ ਨੂੰ ਇੱਕ ਇਤਿਹਾਸਕ ਪ੍ਰੋਜੈਕਟ ਕਰਾਰ ਦਿੰਦਿਆਂ ਕਿਹਾ ਕਿ ਇਹ ਆਂਧਰਾ ਪ੍ਰਦੇਸ਼ ਵਿੱਚ ਸੰਪਰਕ ਵਿਵਸਥਾ ਨੂੰ ਮਜ਼ਬੂਤ ਕਰੇਗਾ ਅਤੇ ਸੂਬੇ ਦੇ ਵਿਕਾਸ ਨੂੰ ਹੋਰ ਗਤੀ ਦੇਵੇਗਾ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਹਵਾਈ ਅੱਡਾ ਉੱਨਤ ਬੁਨਿਆਦੀ ਢਾਂਚੇ ਅਤੇ ਆਧੁਨਿਕ ਤਕਨਾਲੋਜੀ ਨਾਲ ਲੈਸ ਹੈ, ਜਿਸ ਨਾਲ ਯਾਤਰੀਆਂ ਨੂੰ ਬਿਹਤਰ ਅਤੇ ਸੁਚਾਰੂ ਯਾਤਰਾ ਦਾ ਅਨੁਭਵ ਮਿਲੇਗਾ। ਪ੍ਰਧਾਨ ਮੰਤਰੀ ਦੇ ਅਨੁਸਾਰ, ਇਹ ਪ੍ਰੋਜੈਕਟ ਸੈਰ-ਸਪਾਟਾ, ਵਪਾਰ, ਨਿਵੇਸ਼ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਟਰਮੀਨਲ ਦੀ ਇਮਾਰਤ ਆਂਧਰਾ ਪ੍ਰਦੇਸ਼ ਦੀ ਸੱਭਿਆਚਾਰਕ ਪਛਾਣ ਨੂੰ ਦਰਸਾਉਂਦੀ ਹੈ ਅਤੇ ਮਹਾਨ ਅਲੂਰੀ ਸੀਤਾਰਾਮ ਰਾਜੂ ਦੇ ਨਾਮ ‘ਤੇ ਰੱਖਿਆ ਗਿਆ ਇਹ ਹਵਾਈ ਅੱਡਾ ਦੇਸ਼ ਦੀ ਵਿਰਾਸਤ ਪ੍ਰਤੀ ਮਾਣ ਅਤੇ ਭਵਿੱਖ ਲਈ ਆਸ਼ਾਵਾਦ ਦਾ ਪ੍ਰਤੀਕ ਹੈ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਦਾ ਕਰਨਾਟਕ ਦੇ ਮੈਸੂਰ ਜਾਣ ਦਾ ਵੀ ਪ੍ਰੋਗਰਾਮ ਹੈ। ਉਹ ਦੁਪਹਿਰ 3:30 ਵਜੇ ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਵਿੱਚ ਸਵਾਮੀ ਵਿਵੇਕਾਨੰਦ ਸੱਭਿਆਚਾਰਕ ਯੁਵਾ ਕੇਂਦਰ – ਵਿਵੇਕ ਸਮਾਰਕ ਦਾ ਉਦਘਾਟਨ ਵੀ ਕਰਨਗੇ।
Posted By: Daily Suraj Bureau