Daily Suraj

ਪੰਜਾਬੀ

IPL 2027: ਹਾਰਦਿਕ ਪੰਡਿਆ ਪੰਜਾਬ ਕਿੰਗਜ਼ ’ਚ ਸ਼ਾਮਲ, ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਨਾਲ ਜੁੜੇ

12 Nov, 2026 12:59 PM

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਖਿਡਾਰੀਆਂ ਦੀ ਵੱਡੀ ਅਦਲਾ-ਬਦਲੀ ਤਹਿਤ ਹਰਫ਼ਨਮੌਲਾ ਖਿਡਾਰੀ ਹਾਰਦਿਕ ਪੰਡਿਆ ਮੁੰਬਈ ਇੰਡੀਅਨਜ਼ ਨੂੰ ਛੱਡ ਕੇ ਪੰਜਾਬ ਕਿੰਗਜ਼ ਵਿੱਚ ਸ਼ਾਮਲ ਹੋ ਗਏ ਹਨ। ਇਸ ਤਬਾਦਲੇ ਦੇ ਬਦਲੇ ਪੰਜਾਬ ਕਿੰਗਜ਼ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੁੰਬਈ ਇੰਡੀਅਨਜ਼ ਦੇ ਹਵਾਲੇ ਕਰ ਦਿੱਤਾ ਹੈ। ਪੰਡਿਆ 18 ਕਰੋੜ ਰੁਪਏ ਦੀ ਵਧੀ ਹੋਈ ਫੀਸ ਨਾਲ ਪੰਜਾਬ ਦੀ ਟੀਮ ਦਾ ਹਿੱਸਾ ਬਣੇ ਹਨ।
 

ਆਈਪੀਐੱਲ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਹਾਰਦਿਕ ਪੰਡਿਆ ਦੀ ਮੌਜੂਦਾ ਫੀਸ 16.35 ਕਰੋੜ ਰੁਪਏ ਸੀ, ਜਦਕਿ ਅਰਸ਼ਦੀਪ ਸਿੰਘ 18 ਕਰੋੜ ਰੁਪਏ ਦੀ ਫੀਸ ’ਤੇ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋਏ ਹਨ। ਇਸ ਤਰ੍ਹਾਂ ਦੋਵਾਂ ਟੀਮਾਂ ਵਿਚਾਲੇ ਇਹ ਤਬਾਦਲਾ ਲੀਗ ਦੇ ਸਭ ਤੋਂ ਵੱਧ ਚਰਚਿਤ ਖਿਡਾਰੀ ਸੌਦਿਆਂ ਵਿੱਚੋਂ ਇੱਕ ਬਣ ਗਿਆ ਹੈ।
 

ਇਸ ਸਾਲ ਆਈਪੀਐੱਲ ਵਿੱਚ ਇੱਕ ਹੋਰ ਵੱਡਾ ਖਿਡਾਰੀ ਤਬਾਦਲਾ ਵੀ ਹੋਇਆ ਸੀ। ਚੇਨੱਈ ਸੁਪਰ ਕਿੰਗਜ਼ ਨੇ ਰਾਜਸਥਾਨ ਰੌਇਲਜ਼ ਤੋਂ ਸੰਜੂ ਸੈਮਸਨ ਨੂੰ 18 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਇਸ ਦੇ ਬਦਲੇ ਰਾਜਸਥਾਨ ਰੌਇਲਜ਼ ਨੇ ਚੇਨੱਈ ਤੋਂ ਰਵਿੰਦਰ ਜਡੇਜਾ ਨੂੰ 14 ਕਰੋੜ ਰੁਪਏ ਅਤੇ ਸੈਮ ਕਰਨ ਨੂੰ 2.4 ਕਰੋੜ ਰੁਪਏ ਵਿੱਚ ਹਾਸਲ ਕੀਤਾ ਸੀ।
 

ਜ਼ਿਕਰਯੋਗ ਹੈ ਕਿ ਟਰਾਂਸਫਰ ਫੀਸ ਦੋ ਫਰੈਂਚਾਇਜ਼ੀਆਂ ਵਿਚਾਲੇ ਹੋਣ ਵਾਲੇ ਸਮਝੌਤੇ ਦਾ ਹਿੱਸਾ ਹੁੰਦੀ ਹੈ। ਇਹ ਉਸ ਰਿਟੇਨਸ਼ਨ ਫੀਸ ਤੋਂ ਵੱਖਰੀ ਹੁੰਦੀ ਹੈ, ਜੋ ਫਰੈਂਚਾਇਜ਼ੀ ਆਪਣੇ ਖਿਡਾਰੀ ਨੂੰ ਤਨਖ਼ਾਹ ਵਜੋਂ ਦਿੰਦੀ ਹੈ।
 

ਹਾਰਦਿਕ ਪੰਡਿਆ ਪਹਿਲੀ ਵਾਰ 2015 ਵਿੱਚ ਮੁੰਬਈ ਇੰਡੀਅਨਜ਼ ਨਾਲ ਜੁੜੇ ਸਨ। ਉਨ੍ਹਾਂ ਨੇ 2015, 2017, 2019 ਅਤੇ 2020 ਵਿੱਚ ਮੁੰਬਈ ਦੀਆਂ ਖ਼ਿਤਾਬੀ ਜਿੱਤਾਂ ਦੌਰਾਨ ਬੱਲੇ ਅਤੇ ਗੇਂਦ ਦੋਵਾਂ ਨਾਲ ਅਹਿਮ ਯੋਗਦਾਨ ਪਾਇਆ ਸੀ। ਸੱਤ ਸੀਜ਼ਨ ਮੁੰਬਈ ਨਾਲ ਬਿਤਾਉਣ ਤੋਂ ਬਾਅਦ ਉਹ 2022 ਵਿੱਚ 15 ਕਰੋੜ ਰੁਪਏ ਦੀ ਕੀਮਤ ’ਤੇ ਗੁਜਰਾਤ ਟਾਈਟਨਜ਼ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ 2024 ਵਿੱਚ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਕੀਤੀ ਸੀ।
 

ਦੂਜੇ ਪਾਸੇ, ਅਰਸ਼ਦੀਪ ਸਿੰਘ ਪੰਜਾਬ ਕਿੰਗਜ਼ ਨਾਲ ਅੱਠ ਸੀਜ਼ਨ ਬਿਤਾਉਣ ਤੋਂ ਬਾਅਦ ਹੁਣ ਮੁੰਬਈ ਇੰਡੀਅਨਜ਼ ਦਾ ਹਿੱਸਾ ਬਣ ਗਏ ਹਨ। ਉਨ੍ਹਾਂ ਦੇ ਨਾਂ ਆਈਪੀਐੱਲ ਵਿੱਚ 111 ਵਿਕਟਾਂ ਦਰਜ ਹਨ।

Latest News