Daily Suraj

ਪੰਜਾਬੀ

ਪਟਿਆਲਾ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼: ਈਡੀ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ, ਅਮਰੀਕੀ ਨਾਗਰਿਕਾਂ ਨਾਲ 261 ਕਰੋੜ ਦੀ ਠੱਗੀ

05 Nov, 2026 09:14 AM

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪਟਿਆਲਾ, ਚੰਡੀਗੜ੍ਹ/ਮੁਹਾਲੀ ਅਤੇ ਹੈਦਰਾਬਾਦ ਤੋਂ ਸੰਚਾਲਿਤ ਫਰਜ਼ੀ ਕਾਲ ਸੈਂਟਰਾਂ ਰਾਹੀਂ ਕਈ ਅਮਰੀਕੀ ਨਾਗਰਿਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦੇ ਸਬੰਧ ਵਿੱਚ ਪਟਿਆਲਾ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਥਿਤ ਮੁਲਜ਼ਮਾਂ ਦੀ ਪਛਾਣ ਹਰਸ਼ਿਲ ਨਯਨਭਾਈ ਰਾਵਲ, ਜਸਵੰਤ ਸਿੰਘ, ਚੇਤਨ ਮੁੰਜਾਲ ਅਤੇ ਪ੍ਰਣਵ ਪਿਠਾੜੀਆ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀਆਂ ਬੁੱਧਵਾਰ ਨੂੰ ਪਟਿਆਲਾ ਦੇ ਦੋ ਵੱਖ-ਵੱਖ ਟਿਕਾਣਿਆਂ ਤੋਂ ਕੀਤੀਆਂ ਗਈਆਂ। ਬਾਅਦ ਵਿੱਚ ਏਜੰਸੀ ਵੱਲੋਂ ਸਥਾਨਕ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ਉਪਰੰਤ ਮੁਲਜ਼ਮਾਂ ਨੂੰ ਹੈਦਰਾਬਾਦ ਲਿਜਾਇਆ ਗਿਆ। ਜਾਂਚ ਮੁਤਾਬਕ ਇਹ ਗਿਰੋਹ ਪਹਿਲਾਂ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਸਥਿਤ ਪ੍ਰਮੁੱਖ ਆਈਟੀ ਹੱਬ ਮਾਧਾਪੁਰ ਤੋਂ ਇੱਕ ਫਰਜ਼ੀ ਕਾਲ ਸੈਂਟਰ ਚਲਾ ਰਿਹਾ ਸੀ। ਉੱਥੇ ਪੁਲੀਸ ਦੀ ਛਾਪੇਮਾਰੀ ਤੋਂ ਬਾਅਦ ਮੁਲਜ਼ਮਾਂ ਨੇ ਆਪਣਾ ਕੰਮਕਾਜ ਪਟਿਆਲਾ ਵਿੱਚ ਤਬਦੀਲ ਕਰ ਲਿਆ ਸੀ। ਈਡੀ ਨੇ ਉਨ੍ਹਾਂ ਨੂੰ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ, ਧੋਖਾਧੜੀ ਕਰਨ ਅਤੇ ਅਪਰਾਧ ਦੀ ਕਮਾਈ ਨੂੰ ਖੁਰਦ-ਬੁਰਦ (ਮਨੀ ਲਾਂਡਰਿੰਗ) ਕਰਨ ਦੇ ਦੋਸ਼ਾਂ ਹੇਠ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA), 2002 ਦੀ ਧਾਰਾ 19(1) ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਵਿਕਾਸ ਨਿਮਾਰ ਨੂੰ 27 ਜੁਲਾਈ, ਤਾਰਾਚੰਦ ਨਿਮਾਰ ਨੂੰ 5 ਅਗਸਤ ਅਤੇ ਇਮਰਾਨ ਅਸਗਰੀ ਨੂੰ 10 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਕੁੱਲ ਗਿਣਤੀ ਹੁਣ ਸੱਤ ਹੋ ਗਈ ਹੈ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਏਜੰਸੀ ਨੇ 15 ਸਤੰਬਰ ਨੂੰ ਪੀਐੱਮਐੱਲਏ ਦੀ ਧਾਰਾ 17 ਤਹਿਤ ਪਟਿਆਲਾ, ਪੁਣੇ ਅਤੇ ਚੰਡੀਗੜ੍ਹ ਵਿੱਚ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਪਟਿਆਲਾ ਵਿੱਚ ਦੋ ਅਤੇ ਪੁਣੇ ਵਿੱਚ ਇੱਕ ਕਾਲ ਸੈਂਟਰ ਚੱਲਦਾ ਪਾਇਆ ਗਿਆ, ਜਿਨ੍ਹਾਂ ਵਿੱਚ ਲਗਭਗ 220 ਵਿਅਕਤੀ ਕੰਮ ਕਰ ਰਹੇ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗਿਰੋਹ ਨੇ ਅਪਰਾਧ ਤੋਂ ਕਮਾਏ ਪੈਸੇ ਨੂੰ ਰੀਅਲ ਅਸਟੇਟ, ਸੋਨੇ, ਵਾਹਨਾਂ ਅਤੇ ਵੱਖ-ਵੱਖ ਕਾਰੋਬਾਰਾਂ ਵਿੱਚ ਨਿਵੇਸ਼ ਕੀਤਾ। ਅਪਰਾਧ ਦੀ ਕੁੱਲ ਕਮਾਈ 261 ਕਰੋੜ ਰੁਪਏ ਦੱਸੀ ਗਈ ਹੈ, ਜਿਸ ਵਿੱਚੋਂ ਇੱਕ ਵੱਡਾ ਹਿੱਸਾ ਚੰਡੀਗੜ੍ਹ ਦੇ ਆਸ-ਪਾਸ ਰੀਅਲ ਅਸਟੇਟ ਵਿੱਚ ਲਗਾਇਆ ਗਿਆ ਸੀ। ਛਾਪੇਮਾਰੀ ਦੌਰਾਨ ਈਡੀ ਨੇ 79 ਡਿਜੀਟਲ ਉਪਕਰਨਾਂ ਦੀ ਫੋਰੈਂਸਿਕ ਜਾਂਚ ਕੀਤੀ ਅਤੇ ਕਾਲ-ਸੈਂਟਰ ਚੈਟ, ਲੇਜ਼ਰ, ਕਾਲ ਡਾਟਾ, ਪੀੜਤਾਂ ਦੇ ਵੇਰਵੇ ਅਤੇ ਕ੍ਰਿਪਟੋਕਰੰਸੀ ਵਾਲਿਟ ਬਰਾਮਦ ਕੀਤੇ। ਇਸ ਤੋਂ ਇਲਾਵਾ ਪਟਿਆਲਾ ਤੋਂ ਜਾਅਲੀ ਸਰਕਾਰੀ ਦਸਤਾਵੇਜ਼ ਅਤੇ ਜਾਅਲੀ ਸ਼ਨਾਖਤੀ ਕਾਰਡ ਵੀ ਜ਼ਬਤ ਕੀਤੇ ਗਏ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਗੈਂਗ ਨੇ ਵਿਅਕਤੀਆਂ ਦੇ ਨਾਂ, ਪਤੇ ਅਤੇ ਉਮਰ ਸਮੇਤ ਲਗਭਗ 20 ਲੱਖ (ਦੋ ਮਿਲੀਅਨ) ਅਮਰੀਕੀ ਟੈਲੀਫ਼ੋਨ ਨੰਬਰ ਖਰੀਦੇ ਸਨ, ਜਿਨ੍ਹਾਂ ਵਿੱਚ ਬਹੁਤੇ ਬਜ਼ੁਰਗ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਇਹ ਡਾਟਾ ਜਰਮਨੀ ਅਤੇ ਫਿਨਲੈਂਡ ਦੇ ਸਰਵਰਾਂ 'ਤੇ ਹੋਸਟ ਕੀਤੇ ਆਟੋ-ਡਾਇਲਰਾਂ 'ਤੇ ਅਪਲੋਡ ਕੀਤਾ ਗਿਆ ਸੀ। ਹੁਣ ਤੱਕ ਜਾਂਚਕਰਤਾਵਾਂ ਨੇ 549 ਪੀੜਤਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ 1940 ਦੇ ਦਹਾਕੇ ਵਿੱਚ ਪੈਦਾ ਹੋਏ ਸਨ। ਇਸ ਤੋਂ ਇਲਾਵਾ 6,463 ਅਮਰੀਕੀ ਟੈਲੀਫ਼ੋਨ ਨੰਬਰਾਂ 'ਤੇ ਕਾਲਾਂ ਜਾਂ ਸੁਨੇਹੇ ਭੇਜੇ ਗਏ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Latest News