Daily Suraj

ਪੰਜਾਬੀ

ਕਣਕ ਦੀ ਬਿਜਾਈ ਵਿਚਾਲੇ ਕਿਸਾਨਾਂ ਨੂੰ ਵੱਡਾ ਝਟਕਾ: ਦੋ ਮਹੀਨਿਆਂ 'ਚ ਦੂਜੀ ਵਾਰ ਮਹਿੰਗੀ ਹੋਈ ਐੱਨਪੀਕੇ ਖਾਦ

05 Nov, 2026 08:49 AM

ਕਣਕ ਦੀ ਬਿਜਾਈ ਦੇ ਚੱਲ ਰਹੇ ਮੌਜੂਦਾ ਸੀਜ਼ਨ ਦੌਰਾਨ ਖਾਦ ਕੰਪਨੀਆਂ ਵੱਲੋਂ ਐੱਨਪੀਕੇ (NPK) ਖਾਦ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਗੰਭੀਰ ਹੋ ਗਈਆਂ ਹਨ। ਪਿਛਲੇ ਦੋ ਮਹੀਨਿਆਂ ਦੇ ਅਰਸੇ ਦੌਰਾਨ ਦੂਜੀ ਵਾਰ ਦਰਾਂ ਵਧਾਉਂਦਿਆਂ ਐੱਨਪੀਕੇ (12:32:16) ਖਾਦ ਦੇ 50 ਕਿੱਲੋ ਵਾਲੇ ਗੱਟੇ ਦੀ ਕੀਮਤ 2250 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਗਈ ਹੈ। ਇਸ ਵਾਧੇ ਨਾਲ ਕਿਸਾਨਾਂ ਨੂੰ ਹੁਣ ਪ੍ਰਤੀ ਗੱਟਾ 250 ਰੁਪਏ ਵਾਧੂ ਖਰਚਣੇ ਪੈਣਗੇ, ਜਦੋਂਕਿ ਪ੍ਰਤੀ ਕੁਇੰਟਲ ਹਿਸਾਬ ਨਾਲ ਕੀਮਤ ਵਿੱਚ 500 ਰੁਪਏ ਦਾ ਸਿੱਧਾ ਉਛਾਲ ਆਇਆ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਖਾਦਾਂ ਦੇ ਵਧੇ ਭਾਵਾਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਵੀ ਖਾਦ ਕੰਪਨੀਆਂ ਨੇ ਸਾਲ 2025 ਦੇ ਮੁਕਾਬਲੇ ਐੱਨਪੀਕੇ ਖਾਦ ਦੀ ਕੀਮਤ ਵਿੱਚ 1100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ। ਹੁਣ ਨਵੰਬਰ ਵਿੱਚ ਮੁੜ 500 ਰੁਪਏ ਪ੍ਰਤੀ ਕੁਇੰਟਲ ਭਾਅ ਵਧਾ ਦਿੱਤਾ ਗਿਆ ਹੈ। ਖਾਦਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਇਸ ਵਾਧੇ ਨਾਲ ਖੇਤੀਬਾੜੀ ਖੇਤਰ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਉੱਤੇ ਬੁਰਾ ਅਸਰ ਪੈ ਰਿਹਾ ਹੈ। ਕਿਸਾਨ ਆਗੂ ਨੇ ਸਪੱਸ਼ਟ ਕੀਤਾ ਕਿ ਦੇਸ਼ ਭਰ ਵਿੱਚ ਕਿਸਾਨ ਡੀਏਪੀ (DAP) ਦੇ ਵਿਕਲਪ ਵਜੋਂ ਐੱਨਪੀਕੇ ਖਾਦ ਦੀ ਵੀ ਵੱਡੀ ਮਾਤਰਾ ਵਿੱਚ ਵਰਤੋਂ ਕਰਦੇ ਹਨ। ਪੰਜਾਬ ਵਿੱਚ ਡੀਏਪੀ ਦੀ ਚੱਲ ਰਹੀ ਘਾਟ ਕਾਰਨ ਜ਼ਿਆਦਾਤਰ ਕਿਸਾਨ ਕਣਕ ਦੀ ਬਿਜਾਈ ਲਈ ਐੱਨਪੀਕੇ ਦੇ 12:32:16 ਗਰੇਡ ਦੀ ਵਰਤੋਂ ਕਰ ਰਹੇ ਹਨ। ਅਜਿਹੇ ਨਾਜ਼ੁਕ ਸਮੇਂ ਵਿੱਚ ਖਾਦ ਦੇ ਭਾਅ ਵਧਾਏ ਜਾਣ ਨਾਲ ਕਿਸਾਨਾਂ ਲਈ ਖੇਤੀ ਲਾਗਤ ਪੂਰੀ ਕਰਨਾ ਹੋਰ ਵੀ ਔਖਾ ਹੋ ਗਿਆ ਹੈ। ਸਰੂਪ ਸਿੰਘ ਰਾਮਾ ਨੇ ਅੱਗੇ ਕਿਹਾ ਕਿ ਸਾਲ ਦਰ ਸਾਲ ਖਾਦਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਫ਼ਸਲਾਂ ਦੀ ਉਤਪਾਦਨ ਲਾਗਤ ਲਗਾਤਾਰ ਵਧ ਰਹੀ ਹੈ, ਜਦੋਂਕਿ ਇਸ ਦੇ ਮੁਕਾਬਲੇ ਫ਼ਸਲਾਂ ਦੇ ਸਰਕਾਰੀ ਭਾਅ ਵਿੱਚ ਬਹੁਤ ਮਾਮੂਲੀ ਵਾਧਾ ਕੀਤਾ ਜਾਂਦਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਅਤੇ ਖੇਤੀ ਦੀ ਸਮੁੱਚੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖਾਦਾਂ 'ਤੇ ਮਿਲਣ ਵਾਲੀ ਸਬਸਿਡੀ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਈਮਾਨਦਾਰਾਨਾ ਕਦਮ ਚੁੱਕੇ ਜਾਣ, ਤਾਂ ਜੋ ਕਿਸਾਨਾਂ ਦੇ ਸਿਰ ਤੋਂ ਖੇਤੀ ਲਾਗਤਾਂ ਦਾ ਬੋਝ ਘਟਾਇਆ ਜਾ ਸਕੇ।

Latest News