'Voice of Hind' ਅਤਿਵਾਦੀ ਸਾਜ਼ਿਸ਼ ਮਾਮਲੇ ਵਿੱਚ ਵੱਡਾ ਫੈਸਲਾ: NIA ਵਿਸ਼ੇਸ਼ ਅਦਾਲਤ ਨੇ ਪੰਜਵੇਂ ਮੁਲਜ਼ਮ ਨੂੰ ਸੁਣਾਈ 5 ਸਾਲ ਦੀ ਕੈਦ
ਨਵੀਂ ਦਿੱਲੀ ਦੇ ਰਾਊਜ਼ ਐਵੇਨਿਊ ਜ਼ਿਲ੍ਹਾ ਅਦਾਲਤੀ ਕੰਪਲੈਕਸ ਸਥਿਤ ਰਾਸ਼ਟਰੀ ਜਾਂਚ ਏਜੰਸੀ (NIA) ਦੀ ਵਿਸ਼ੇਸ਼ ਅਦਾਲਤ-01 ਨੇ 'ਵਾਇਸ ਆਫ਼ ਹਿੰਦ' ਅਤਿਵਾਦੀ ਸਾਜ਼ਿਸ਼ ਮਾਮਲੇ ਵਿੱਚ ਪੰਜਵੇਂ ਮੁਲਜ਼ਮ ਤੌਹੀਦ ਲਤੀਫ਼ ਸੋਫ਼ੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਲਜ਼ਮ ਵੱਲੋਂ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਕਬੂਲ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ। ਜਾਂਚ ਏਜੰਸੀ ਅਨੁਸਾਰ, ਅਦਾਲਤ ਨੇ ਦੋਸ਼ੀ ਨੂੰ 5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 12,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਪੂਰਾ ਮਾਮਲਾ ਭਾਰਤੀ ਸਟੇਟ ਵਿਰੁੱਧ ਹਿੰਸਕ ਜਿਹਾਦ ਛੇੜਨ ਦੇ ਮਕਸਦ ਨਾਲ ਦੇਸ਼ ਦੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਭਰਤੀ ਕਰਨ ਲਈ ਅਤਿਵਾਦੀ ਸੰਗਠਨ ਆਈ ਐੱਸ ਆਈ ਐੱਸ (ISIS) ਵੱਲੋਂ ਰਚੀ ਗਈ ਡੂੰਘੀ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ। ਵੱਖ-ਵੱਖ ਸੰਘਰਸ਼ ਵਾਲੇ ਖੇਤਰਾਂ ਵਿੱਚ ਸਰਗਰਮ ਆਈ ਐੱਸ ਆਈ ਐੱਸ ਅਤਿਵਾਦੀਆਂ ਨੇ ਭਾਰਤ ਵਿਚਲੇ ਆਪਣੇ ਕਾਡਰਾਂ ਨਾਲ ਮਿਲ ਕੇ ਇੱਕ ਨੈੱਟਵਰਕ ਤਿਆਰ ਕੀਤਾ ਸੀ, ਜੋ ਫ਼ਰਜ਼ੀ ਔਨਲਾਈਨ ਪਛਾਣਾਂ ਦੀ ਵਰਤੋਂ ਕਰਦਿਆਂ ਅਤਿਵਾਦੀ ਪ੍ਰਚਾਰ ਸਮੱਗਰੀ ਫੈਲਾਉਂਦਾ ਸੀ। ਐੱਨ ਆਈ ਏ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਸਾਈਬਰ ਇਕਾਈਆਂ ਅਤੇ ਉਨ੍ਹਾਂ ਦੇ ਸਹਿਯੋਗੀ ਔਨਲਾਈਨ ਪਲੇਟਫਾਰਮਾਂ ਰਾਹੀਂ ਭਾਰਤ-ਕੇਂਦਰਿਤ ਆਈ ਐੱਸ ਆਈ ਐੱਸ ਪ੍ਰਚਾਰ ਮੈਗਜ਼ੀਨ 'ਸੌਤ-ਅਲ-ਹਿੰਦ (ਦਿ ਵਾਇਸ ਆਫ਼ ਹਿੰਦ)' ਦੀ ਸਮੱਗਰੀ ਤਿਆਰ ਕਰਨ, ਸੰਪਾਦਨ ਕਰਨ, ਪ੍ਰਕਾਸ਼ਿਤ ਕਰਨ ਅਤੇ ਫੈਲਾਉਣ ਵਿੱਚ ਸ਼ਾਮਲ ਸਨ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਮੁਤਾਬਕ, ਇਹ ਨੈੱਟਵਰਕ ਭਾਰਤੀਆਂ ਨੂੰ ਸੀਰੀਆ, ਇਰਾਕ, ਅਫ਼ਗਾਨਿਸਤਾਨ ਅਤੇ ਹੋਰ ਸੰਘਰਸ਼ ਗ੍ਰਸਤ ਇਲਾਕਿਆਂ ਵਿੱਚ ਅਖੌਤੀ 'ਹਿਜਰਤ' (ਪਰਵਾਸ) ਕਰਨ ਲਈ ਪ੍ਰੇਰਿਤ ਕਰਨ ਅਤੇ ਸਹੂਲਤ ਦੇਣ ਦਾ ਕੰਮ ਵੀ ਕਰਦਾ ਸੀ। ਤਫ਼ਤੀਸ਼ ਦੌਰਾਨ ਐੱਨ ਆਈ ਏ ਨੇ ਵੱਡੀ ਮਾਤਰਾ ਵਿੱਚ ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜੀਟਲ ਸਬੂਤ ਜ਼ਬਤ ਕੀਤੇ ਸਨ। ਬਰਾਮਦ ਕੀਤੀ ਗਈ ਸਮੱਗਰੀ ਵਿੱਚ 'ਵਾਇਸ ਆਫ਼ ਹਿੰਦ' ਦੀਆਂ ਪੀ ਡੀ ਐੱਫ (PDF) ਫਾਈਲਾਂ, ਮਾਰੇ ਗਏ ਅਤਿਵਾਦੀਆਂ ਦੇ ਪੋਸਟਰ, ਕੱਟੜਪੰਥੀ ਸਾਹਿਤ, ਆਈ ਐੱਸ ਆਈ ਐੱਸ ਪ੍ਰਚਾਰ ਦੇ ਵੈੱਬ ਲਿੰਕ ਅਤੇ ਆਈ ਐੱਸ ਆਈ ਐੱਸ ਝੰਡੇ ਵਾਲੀ ਟੀ-ਸ਼ਰਟ ਸ਼ਾਮਲ ਹੈ। ਇਸ ਤੋਂ ਇਲਾਵਾ ਹਥਿਆਰਾਂ ਦੀ ਖ਼ਰੀਦ ਨਾਲ ਸਬੰਧਤ ਚੈਟ, ਆਡੀਓ ਰਿਕਾਰਡਿੰਗਾਂ, ਵਿਚਾਰਧਾਰਕ ਤੇ ਮਨੋਵਿਗਿਆਨਕ ਜੰਗੀ ਸਮੱਗਰੀ ਅਤੇ ਸੰਗਠਨ ਦੇ ਬੈਨਰ ਤੇ ਝੰਡੇ ਵੀ ਜ਼ਬਤ ਕੀਤੇ ਗਏ ਸਨ। ਜਾਂਚ ਏਜੰਸੀ ਨੇ ਦੱਸਿਆ ਕਿ ਤੌਹੀਦ ਲਤੀਫ਼ ਸੋਫ਼ੀ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਏ ਜਾਣ ਨਾਲ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਪੰਜ ਮੁਲਜ਼ਮ ਆਪਣਾ ਗੁਨਾਹ ਕਬੂਲ ਕਰਨ ਮਗਰੋਂ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ। ਮਾਮਲੇ ਦੇ ਬਾਕੀ ਮੁਲਜ਼ਮਾਂ ਖ਼ਿਲਾਫ਼ ਅਦਾਲਤੀ ਕਾਰਵਾਈ ਅਜੇ ਜਾਰੀ ਹੈ।