ਸਾਬਕਾ ਚੀਫ਼ ਜਸਟਿਸ ਜੇ.ਐੱਸ. ਖੇਹਰ ਨੇ ਮੋਹਨ ਭਾਗਵਤ ਨਾਲ ਸਾਂਝੀ ਕੀਤੀ ਸਟੇਜ, ਵੰਡ ਅਤੇ 84 ਦੇ ਦੰਗਿਆਂ ਦਾ ਕੀਤਾ ਜ਼ਿਕਰ
ਭਾਰਤ ਦੇ ਪਹਿਲੇ ਸਿੱਖ ਮੁੱਖ ਜੱਜ (ਚੀਫ਼ ਜਸਟਿਸ) ਰਹੇ ਜੇ.ਐੱਸ. ਖੇਹਰ ਨੇ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨਾਲ ਸਟੇਜ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੇ 1984 ਦੇ ਫਿਰਕੂ ਦੰਗਿਆਂ ਦੇ ਸਿਖਰ ਦੌਰਾਨ ਸਿੱਖਾਂ ਦੀ ਰੱਖਿਆ ਕਰਨ ਅਤੇ ਦੇਸ਼ ਦੀ ਵੰਡ ਵੇਲੇ ਪੰਜਾਬ ਵਿੱਚ ਰਾਹਤ ਕਾਰਜ ਸੰਗਠਿਤ ਕਰਨ ਵਿੱਚ ਸੰਘ ਦੇ ਵਲੰਟੀਅਰਾਂ (ਸਵੈਮਸੇਵਕਾਂ) ਵੱਲੋਂ ਨਿਭਾਈ ਗਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ। ਆਰ.ਐੱਸ.ਐੱਸ. ਦੀ ਦਿੱਲੀ ਇਕਾਈ ਵੱਲੋਂ ਕਰਵਾਏ ਗਏ 'ਰਾਸ਼ਟਰ ਵੰਦਮ' ਸਮਾਗਮ ਵਿੱਚ ਮੋਹਨ ਭਾਗਵਤ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਚੀਫ਼ ਜਸਟਿਸ ਖੇਹਰ ਨੇ ਕਿਹਾ ਕਿ ਭਾਰਤ ਦੀ ਵੰਡ ਦੌਰਾਨ ਸੰਘ ਦੇ ਵਲੰਟੀਅਰਾਂ ਨੇ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਲਈ ਸਵੈ-ਰੱਖਿਆ ਦਾ ਪ੍ਰਬੰਧ ਕਰਨ, ਰਾਹਤ ਕਾਰਜ ਚਲਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਵਿੱਚ ਅਹਿਮ ਮਦਦ ਕੀਤੀ ਸੀ। ਸਾਬਕਾ ਮੁੱਖ ਜੱਜ ਨੇ ਆਰ.ਐੱਸ.ਐੱਸ. ਦੇ ਅਧਿਕਾਰਤ ਪ੍ਰਕਾਸ਼ਨਾਂ ਅਤੇ ਮਰਹੂਮ ਲੇਖਕ ਖੁਸ਼ਵੰਤ ਸਿੰਘ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦਿੱਲੀ ਵਿੱਚ 1984 ਦੇ ਸਿੱਖ ਕਤਲੇਆਮ ਦੌਰਾਨ ਸਿੱਖ ਪਰਿਵਾਰਾਂ ਦੀ ਰੱਖਿਆ ਕਰਨ ਵਿੱਚ ਸੰਘ ਦੇ ਵਲੰਟੀਅਰਾਂ ਨੇ ਸਰਗਰਮ ਯੋਗਦਾਨ ਪਾਇਆ। ਖੇਹਰ ਨੇ ਕਿਹਾ, "ਉਹ ਉਨ੍ਹਾਂ ਬਸਤੀਆਂ ਦੀ ਰਾਖੀ ਲਈ ਵੀ ਡਟੇ ਰਹੇ ਜਿਨ੍ਹਾਂ 'ਤੇ ਹਮਲੇ ਦਾ ਖ਼ਤਰਾ ਸੀ। ਇਸ ਗੱਲ ਦੀ ਪੁਸ਼ਟੀ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਖੁਸ਼ਵੰਤ ਸਿੰਘ ਨੇ ਵੀ ਕੀਤੀ ਸੀ।" ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੁੰਦਾ ਹੈ ਕਿ ਰਾਸ਼ਟਰੀ ਸਵੈਮਸੇਵਕ ਸੰਘ, ਜੋ ਮਹਿਜ਼ ਪੰਦਰਾਂ ਤੋਂ ਵੀਹ ਨੌਜਵਾਨਾਂ ਨਾਲ ਸ਼ੁਰੂ ਹੋਇਆ ਸੀ, ਅੱਜ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਬਣ ਚੁੱਕਾ ਹੈ। ਮੋਹਨ ਭਾਗਵਤ ਦੇ ਸੰਬੋਧਨ ਤੋਂ ਬਿਲਕੁਲ ਪਹਿਲਾਂ ਉਨ੍ਹਾਂ ਕਿਹਾ, "ਇਨ੍ਹਾਂ ਸੌ ਸਾਲਾਂ ਦੌਰਾਨ ਤੁਸੀਂ ਅਨੇਕਾਂ ਸਮਾਜਿਕ ਅਤੇ ਸਿਆਸੀ ਤਬਦੀਲੀਆਂ ਦਾ ਸਾਹਮਣਾ ਕੀਤਾ ਹੈ। ਇਸ ਦੇ ਬਾਵਜੂਦ ਤੁਸੀਂ ਇੱਕ ਸੱਭਿਆਚਾਰਕ, ਸਮਾਜਿਕ ਅਤੇ ਰਾਸ਼ਟਰਵਾਦੀ ਸੰਗਠਨ ਬਣੇ ਰਹੇ ਹੋ।"