ਬਮਾਕੋ ਨੇੜੇ ਆਤਮਘਾਤੀ ਕਾਰ ਹਮਲਾ, ਮਾਲੀ ਦੇ ਰੱਖਿਆ ਮੰਤਰੀ ਸਮੇਤ ਕਈਆਂ ਦੀ ਜਾਨ ਗਈ
ਅਫ਼ਰੀਕੀ ਦੇਸ਼ ਮਾਲੀ ਤੋਂ ਇੱਕ ਹੈਰਾਨੀਜਨਕ ਅਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਅੱਤਵਾਦੀ ਹਮਲੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਸਾਦੀਓ ਕਾਮਾਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਦੇਸ਼ ਵਿੱਚ ਸੁਰੱਖਿਆ ਸਥਿਤੀ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਜਾਣਕਾਰੀ ਮੁਤਾਬਕ, ਸ਼ਨੀਵਾਰ ਨੂੰ ਰਾਜਧਾਨੀ ਬਮਾਕੋ ਤੋਂ ਕਰੀਬ 15 ਕਿਲੋਮੀਟਰ ਦੂਰ ਕਾਟੀ ਸ਼ਹਿਰ ਵਿੱਚ ਸਥਿਤ ਉਨ੍ਹਾਂ ਦੇ ਨਿਵਾਸ ‘ਤੇ ਆਤਮਘਾਤੀ ਕਾਰ ਹਮਲਾ ਕੀਤਾ ਗਿਆ। ਇਸ ਧਮਾਕੇ ਵਿੱਚ ਸਾਦੀਓ ਕਾਮਾਰਾ ਦੇ ਨਾਲ ਉਨ੍ਹਾਂ ਦੀ ਦੂਜੀ ਪਤਨੀ ਅਤੇ ਦੋ ਪੋਤੇ ਤੇ ਇੱਕ ਪੋਤੀ ਦੀ ਵੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਗੌਰਤਲਬ ਹੈ ਕਿ ਮਾਲੀ 2012 ਤੋਂ ਲਗਾਤਾਰ ਵੱਖ-ਵੱਖ ਹਥਿਆਰਬੰਦ ਸਮੂਹਾਂ ਦੇ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਪਹਿਲਾਂ 2024 ਵਿੱਚ ਵੀ ਕਾਟੀ ਸ਼ਹਿਰ ਅਤੇ ਸੇਨੋ ਹਵਾਈ ਅੱਡਾ ਖੇਤਰ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਨਾਲ ਸੁਰੱਖਿਆ ਚੁਣੌਤੀਆਂ ਹੋਰ ਗੰਭੀਰ ਹੋਈਆਂ ਸਨ। ਮੌਜੂਦਾ ਸਮੇਂ ਵਿੱਚ ਮਾਲੀ ਅੰਤਰਿਮ ਰਾਸ਼ਟਰਪਤੀ ਜਨਰਲ ਅਸੀਮੀ ਗੋਇਤਾ ਦੀ ਅਗਵਾਈ ਹੇਠ ਹੈ, ਜਿਨ੍ਹਾਂ ਨੇ ਮਈ 2021 ਵਿੱਚ ਸੱਤਾ ਸੰਭਾਲੀ ਸੀ। ਤਾਜ਼ਾ ਰਿਪੋਰਟਾਂ ਅਨੁਸਾਰ, ਕਾਟੀ ਵਿੱਚ ਮੁੱਖ ਫੌਜੀ ਅੱਡੇ ਦੇ ਨੇੜੇ ਹਾਲਾਤ ਅਜੇ ਵੀ ਤਣਾਅਪੂਰਨ ਹਨ ਅਤੇ ਫੌਜ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ।
Posted By: Daily Suraj Bureau