ਸੰਸਦ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ 'ਆਪ' ਐਕਸ਼ਨ ਮੋਡ ਵਿੱਚ, ਲੋਕ ਸਭਾ ਮੈਂਬਰਾਂ ਨੂੰ ਤਿੰਨ-ਲਾਈਨਾਂ ਵਾਲਾ ਵ੍ਹਿਪ ਜਾਰੀ; ਹੱਦਬੰਦੀ ਬਿੱਲ ਦਾ ਕਰੇਗੀ ਵਿਰੋਧ
30 ਨਵੰਬਰ ਤੋਂ 4 ਦਸੰਬਰ, 2026 ਤੱਕ ਸੱਦੇ ਗਏ ਸੰਸਦ ਦੇ ਵਿਸ਼ੇਸ਼ ਇਜਲਾਸ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ('ਆਪ') ਨੇ ਆਪਣੀ ਰਣਨੀਤੀ ਤੇਜ਼ ਕਰ ਦਿੱਤੀ ਹੈ। ਪਾਰਟੀ ਨੇ ਆਪਣੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਤਿੰਨ-ਲਾਈਨਾਂ ਵਾਲਾ ਵ੍ਹਿਪ (Three-line whip) ਜਾਰੀ ਕਰਦਿਆਂ ਸੈਸ਼ਨ ਦੌਰਾਨ ਸਦਨ ਵਿੱਚ ਹਰ ਹਾਲਤ ਵਿੱਚ ਹਾਜ਼ਰ ਰਹਿਣ ਅਤੇ ਅਹਿਮ ਵਿਧਾਨਕ ਕਾਰਵਾਈਆਂ ਮੌਕੇ ਪਾਰਟੀ ਦੀ ਲੀਹ 'ਤੇ ਪਹਿਰਾ ਦੇਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਲੋਕ ਸਭਾ ਵਿੱਚ 'ਆਪ' ਦੇ ਚੀਫ਼ ਵ੍ਹਿਪ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪ੍ਰਸਤਾਵਿਤ ਹੱਦਬੰਦੀ (ਡੀਲਿਮੀਟੇਸ਼ਨ) ਬਿੱਲ ਦਾ ਸਦਨ ਵਿੱਚ ਵਿਰੋਧ ਕਰੇਗੀ। ਪਾਰਟੀ ਦੇ ਸਟੈਂਡ ਨੂੰ ਸਪੱਸ਼ਟ ਕਰਦਿਆਂ ਡਾ. ਚੱਬੇਵਾਲ ਨੇ ਇਸ ਪ੍ਰਸਤਾਵਿਤ ਹੱਦਬੰਦੀ ਕਾਰਨ ਦੇਸ਼ ਦੇ ਸੰਘੀ ਢਾਂਚੇ ਅਤੇ ਬਰਾਬਰ ਸਿਆਸੀ ਪ੍ਰਤੀਨਿਧਤਾ ਦੇ ਸਿਧਾਂਤ 'ਤੇ ਪੈਣ ਵਾਲੇ ਸੰਭਾਵੀ ਅਸਰਾਂ ਪ੍ਰਤੀ ਡੂੰਘੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕ ਸਭਾ ਹਲਕਿਆਂ ਦੇ ਪੁਨਰਗਠਨ ਜਾਂ ਵਿਸਥਾਰ ਨਾਲ ਜੁੜੀ ਕਿਸੇ ਵੀ ਪ੍ਰਕਿਰਿਆ ਵਿੱਚ ਹਰੇਕ ਸੂਬੇ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਅਤੇ ਪ੍ਰਤੀਨਿਧਤਾ ਦਾ ਸੰਤੁਲਨ ਨਿਰਪੱਖ ਰਹਿਣਾ ਬੇਹੱਦ ਜ਼ਰੂਰੀ ਹੈ। 'ਆਪ' ਵੱਲੋਂ ਕੀਤੇ ਜਾ ਰਹੇ ਇਸ ਵਿਰੋਧ ਦਾ ਮੁੱਖ ਆਧਾਰ ਸੰਘੀ ਸੰਤੁਲਨ, ਸਿਆਸੀ ਪ੍ਰਤੀਨਿਧਤਾ ਦੀ ਵੰਡ ਅਤੇ ਲੋਕ ਸਭਾ ਸੀਟਾਂ ਵਧਾਉਣ ਦੇ ਸਮੇਂ ਨੂੰ ਲੈ ਕੇ ਉੱਠ ਰਹੇ ਖਦਸ਼ੇ ਹਨ। ਪਾਰਟੀ ਦਾ ਸਪੱਸ਼ਟ ਮੰਨਣਾ ਹੈ ਕਿ ਇੰਨੀਆਂ ਵੱਡੀਆਂ ਚੋਣ ਅਤੇ ਸੰਵਿਧਾਨਕ ਤਬਦੀਲੀਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿਆਪਕ ਵਿਚਾਰ-ਵਟਾਂਦਰੇ, ਡੂੰਘੇ ਸਲਾਹ-ਮਸ਼ਵਰੇ ਅਤੇ ਸਾਰੀਆਂ ਸਬੰਧਤ ਧਿਰਾਂ ਦੀ ਸਹਿਮਤੀ ਹੋਣੀ ਲਾਜ਼ਮੀ ਹੈ।