ਝਾਰਖੰਡ ਦੇ ਸੀਨੀਅਰ ਮੰਤਰੀ ਸੁਦਿਵਿਆ ਕੁਮਾਰ ਦਾ ਅਕਾਲ ਚਲਾਣਾ; 56 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਝਾਰਖੰਡ ਦੇ ਉੱਚ ਤੇ ਤਕਨੀਕੀ ਸਿੱਖਿਆ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਦਿਵਿਆ ਕੁਮਾਰ 'ਸੋਨੂ' ਦਾ ਐਤਵਾਰ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 56 ਸਾਲਾਂ ਦੇ ਸਨ। ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੇ ਸੀਨੀਅਰ ਆਗੂ ਅਤੇ ਗਿਰਿਡੀਹ ਤੋਂ ਵਿਧਾਇਕ ਸੁਦਿਵਿਆ ਕੁਮਾਰ ਦੀ ਸ਼ਨੀਵਾਰ ਦੇਰ ਰਾਤ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਸਵੇਰੇ ਲਗਭਗ 4 ਵਜੇ ਉਨ੍ਹਾਂ ਅੰਤਿਮ ਸਾਹ ਲਏ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਏ ਹਨ। ਸੁਦਿਵਿਆ ਕੁਮਾਰ ਕੋਲ ਸ਼ਹਿਰੀ ਵਿਕਾਸ ਤੋਂ ਇਲਾਵਾ ਟੂਰਿਜ਼ਮ, ਕਲਾ-ਸੱਭਿਆਚਾਰ ਅਤੇ ਖੇਡ ਵਿਭਾਗਾਂ ਦਾ ਵੀ ਪ੍ਰਭਾਰ ਸੀ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਮੁੱਖ ਮੰਤਰੀ ਹੇਮੰਤ ਸੋਰੇਨ, ਵਿਧਾਨ ਸਭਾ ਸਪੀਕਰ ਰਬਿੰਦਰ ਨਾਥ ਮਹਤੋ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਸੰਵੇਦਨਾ ਪ੍ਰਗਟਾਉਂਦਿਆਂ ਲਿਖਿਆ ਕਿ ਰਾਤ ਦੇਰ ਗਏ ਉਨ੍ਹਾਂ ਨੂੰ ਆਪਣੇ ਵੱਡੇ ਭਰਾ ਸੁਦਿਵਿਆ ਕੁਮਾਰ ਜੀ ਦੇ ਚਲੇ ਜਾਣ ਦੀ ਦੁਖਦਾਈ ਖ਼ਬਰ ਮਿਲੀ। ਉਨ੍ਹਾਂ ਕਿਹਾ ਕਿ ਸੋਨੂ ਭਰਾ ਦਾ ਜਾਣਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਘਾਟਾ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਨਾ ਸਿਰਫ਼ ਇੱਕ ਸੀਨੀਅਰ ਸਾਥੀ ਸਨ, ਸਗੋਂ ਹਰ ਔਖੀ ਘੜੀ ਵਿੱਚ ਮਾਰਗਦਰਸ਼ਕ ਵਜੋਂ ਨਾਲ ਖੜ੍ਹੇ ਰਹਿੰਦੇ ਸਨ। ਉਨ੍ਹਾਂ ਝਾਰਖੰਡ ਅੰਦੋਲਨ ਦੇ ਸਮੇਂ ਤੋਂ ਹੀ ਜੇ.ਐੱਮ.ਐੱਮ. ਦੇ ਸੰਸਥਾਪਕ ਸ਼ਿਬੂ ਸੋਰੇਨ ਨਾਲ ਪੂਰੀ ਨਿਸ਼ਠਾ ਨਾਲ ਕੰਮ ਕੀਤਾ ਸੀ। ਜ਼ਿਕਰਯੋਗ ਹੈ ਕਿ ਸੁਦਿਵਿਆ ਕੁਮਾਰ ਸਾਲ 2019 ਵਿੱਚ ਪਹਿਲੀ ਵਾਰ ਗਿਰਿਡੀਹ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਹ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਬਹੁਤ ਕਰੀਬੀ ਆਗੂਆਂ ਵਿੱਚੋਂ ਇੱਕ ਸਨ ਅਤੇ ਪਾਰਟੀ ਅੰਦਰ ਸੰਕਟਮੋਚਕ ਵਜੋਂ ਜਾਣੇ ਜਾਂਦੇ ਸਨ।
Posted By: Daily Suraj Bureau