ਹੋਣਹਾਰ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਵਿਧਾਇਕ ਕੁਲਵੰਤ ਸਿੰਘ; 3 NEET ਪਾਸ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਐਲਾਨ
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਨੀਟ (NEET) ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨ ਵਾਲੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਦੀ ਡਾਕਟਰੀ ਦੀ ਪੜ੍ਹਾਈ ਦਾ ਸਮੁੱਚਾ ਖ਼ਰਚਾ ਚੁੱਕਣ ਦਾ ਐਲਾਨ ਕੀਤਾ ਹੈ। ਵਿਧਾਇਕ ਵੱਲੋਂ ਇਨ੍ਹਾਂ ਬੱਚਿਆਂ ਦੀ ਪੰਜ ਸਾਲ ਦੀ ਮੈਡੀਕਲ ਦੀ ਪੜ੍ਹਾਈ ਅਤੇ ਹੋਸਟਲ ਫੀਸ ਸਮੇਤ ਕੁੱਲ 30.5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਰਾਸ਼ੀ ਹਰ ਸਮੈਸਟਰ ਦੀ ਫੀਸ ਦੇ ਰੂਪ ਵਿੱਚ ਸਿੱਧੀ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। 'ਪੰਜਾਬੀ ਟ੍ਰਿਬਿਊਨ' ਵਿੱਚ 1 ਸਤੰਬਰ ਨੂੰ ਪ੍ਰਕਾਸ਼ਿਤ ਖ਼ਬਰ 'ਫੀਸ ਅੱਗੇ ਢਹਿ-ਢੇਰੀ ਹੋਏ ਸੁਪਨੇ' ਦਾ ਨੋਟਿਸ ਲੈਂਦਿਆਂ ਵਿਧਾਇਕ ਨੇ ਇਹ ਕਦਮ ਚੁੱਕਿਆ ਹੈ। ਇਨ੍ਹਾਂ ਤਿੰਨਾਂ ਬੱਚਿਆਂ ਨੇ ਮੈਰੀਟੋਰੀਅਸ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਦੇ ਅਧਿਆਪਕ ਮਨਜੀਤ ਸਿੰਘ ਵੱਲੋਂ ਸਾਂਝੇ ਕੀਤੇ ਵੇਰਵਿਆਂ ਅਨੁਸਾਰ, ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਆਲਮਵਾਲਾ ਦੇ ਮਹਿਕਦੀਪ ਸਿੰਘ ਦਾ ਦਾਖਲਾ ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਹੋਇਆ ਹੈ। ਉਸ ਦੀ ਕੁੱਲ ਫੀਸ ਅਤੇ ਹੋਸਟਲ ਖ਼ਰਚਾ 32 ਲੱਖ ਰੁਪਏ ਹੈ, ਜਿਸ ਵਿੱਚੋਂ 11 ਲੱਖ ਰੁਪਏ ਸਕਾਲਰਸ਼ਿਪ ਅਤੇ 7.5 ਲੱਖ ਰੁਪਏ ਕਰਜ਼ੇ ਰਾਹੀਂ ਪੂਰੇ ਹੋਣਗੇ, ਜਦਕਿ ਬਾਕੀ ਬਚਦੀ 13.5 ਲੱਖ ਰੁਪਏ ਦੀ ਰਕਮ ਵਿਧਾਇਕ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪਰਿਵਾਰ ਨੂੰ ਫੀਸ ਦੇ ਪ੍ਰਬੰਧ ਲਈ ਆਪਣੀ ਗਾਂ ਵੀ ਵੇਚਣੀ ਪਈ ਸੀ। ਇਸੇ ਤਰ੍ਹਾਂ ਮਲੋਟ ਦੇ ਰਹਿਣ ਵਾਲੇ ਅਮਨ ਸਿੰਘ, ਜਿਸ ਦੇ ਪਿਤਾ ਲੋਹੇ ਦੀ ਫੈਕਟਰੀ ਵਿੱਚ ਮਜ਼ਦੂਰੀ ਕਰਦੇ ਹਨ, ਦਾ ਦਾਖਲਾ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਹੋਇਆ ਹੈ। ਅਮਨ ਦੀ ਫੀਸ ਅਤੇ ਹੋਸਟਲ ਦਾ 14 ਲੱਖ ਰੁਪਏ ਦਾ ਖ਼ਰਚਾ ਵੀ ਵਿਧਾਇਕ ਕੁਲਵੰਤ ਸਿੰਘ ਵੱਲੋਂ ਅਦਾ ਕੀਤਾ ਜਾਵੇਗਾ। ਤੀਜੀ ਵਿਦਿਆਰਥਣ, ਫਾਜ਼ਿਲਕਾ ਦੇ ਪਿੰਡ ਹੌਜ ਗੰਧੜ ਦੀ ਸੁਮਨਦੀਪ ਕੌਰ ਦੀ 3 ਲੱਖ ਰੁਪਏ ਦੀ ਹੋਸਟਲ ਫੀਸ ਵਿਧਾਇਕ ਵੱਲੋਂ ਦਿੱਤੀ ਜਾਵੇਗੀ, ਜਦਕਿ ਦਾਖਲਾ ਫੀਸ ਉਹ ਪਹਿਲਾਂ ਹੀ ਭਰ ਚੁੱਕੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਮਿਹਨਤੀ ਨੌਜਵਾਨ ਸਮਾਜ ਦਾ ਸਰਮਾਇਆ ਅਤੇ ਪੰਜਾਬ ਦਾ ਭਵਿੱਖ ਹਨ ਅਤੇ ਕਿਸੇ ਵੀ ਹੋਣਹਾਰ ਬੱਚੇ ਦੀ ਪੜ੍ਹਾਈ ਆਰਥਿਕ ਤੰਗੀ ਕਰਕੇ ਨਹੀਂ ਰੁਕਣ ਦਿੱਤੀ ਜਾਵੇਗੀ। ਦੂਜੇ ਪਾਸੇ, ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਵੱਡੀ ਰਾਹਤ ਲਈ ਵਿਧਾਇਕ ਦਾ ਉਚੇਚਾ ਧੰਨਵਾਦ ਕੀਤਾ ਹੈ।
Posted By: Daily Suraj Bureau