Daily Suraj

ਪੰਜਾਬੀ

NEET ਪੇਪਰ ਲੀਕ: CJP ਨੇ ਸਰਕਾਰ ਅੱਗੇ ਰੱਖੀਆਂ 3 ਮੁੱਖ ਮੰਗਾਂ, ਕੱਲ੍ਹ ਫਿਰ ਹੋਵੇਗੀ ਗੱਲਬਾਤ

24 Jul, 2026 04:35 PM

ਨੀਟ (NEET) ਪੇਪਰ ਲੀਕ ਮਾਮਲੇ ਨੂੰ ਲੈ ਕੇ ਚੱਲ ਰਹੇ ਅੰਦੋਲਨ ਦੇ ਦਰਮਿਆਨ ਕੋਕਰੋਚ ਜਨਤਾ ਪਾਰਟੀ (CJP) ਅਤੇ ਕੇਂਦਰ ਸਰਕਾਰ ਵਿਚਾਲੇ ਮਹੱਤਵਪੂਰਨ ਬੈਠਕ ਹੋਈ। ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਿਤਿੰਦਰ ਸਿੰਘ ਨੇ CJP ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਪਾਰਟੀ ਵੱਲੋਂ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਆਪਣੀਆਂ ਤਿੰਨ ਮੁੱਖ ਮੰਗਾਂ ਦੁਬਾਰਾ ਸਰਕਾਰ ਸਾਹਮਣੇ ਰੱਖੀਆਂ। ਬੈਠਕ ਦੌਰਾਨ CJP ਨੇ ਪਹਿਲੀ ਮੰਗ ਵਜੋਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਦੁਹਰਾਈ। ਦੂਜੀ ਮੰਗ ਅਨੁਸਾਰ, NEET ਪੇਪਰ ਲੀਕ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ 20 ਤੋਂ ਵੱਧ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤੀਜੀ ਮੰਗ ਇਹ ਰੱਖੀ ਗਈ ਕਿ ਅੰਦੋਲਨ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਅਤੇ ਪਹਿਲਾਂ ਦਰਜ ਕੀਤੇ ਗਏ ਮਾਮਲੇ ਵਾਪਸ ਲਏ ਜਾਣ। ਬੈਠਕ ਤੋਂ ਬਾਅਦ CJP ਦੇ ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੇ ਮੁੱਦੇ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੇਸ ਵਾਪਸ ਲੈਣ ਦੇ ਮੁੱਦੇ ‘ਤੇ ਸਹਿਮਤੀ ਜਤਾਈ ਹੈ। ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਜਾਣਕਾਰੀ ਦਿੱਤੀ ਕਿ ਕਰੀਬ ਦੋ ਘੰਟੇ ਚੱਲੀ ਗੱਲਬਾਤ ਦੌਰਾਨ CJP ਨੇ ਆਪਣੀਆਂ ਤਿੰਨ ਮੁੱਖ ਮੰਗਾਂ ਦੇ ਨਾਲ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਪੰਜ ਸੁਝਾਅ ਵੀ ਸਰਕਾਰ ਅੱਗੇ ਰੱਖੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਮੰਗਾਂ ਅਤੇ ਸੁਝਾਵਾਂ ‘ਤੇ ਵਿਚਾਰ ਕਰਨ ਲਈ ਕੱਲ੍ਹ ਤੱਕ ਦਾ ਸਮਾਂ ਮੰਗਿਆ ਹੈ। CJP ਦੇ ਬੁਲਾਰੇ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੀਆਂ ਤਿੰਨ ਵਿੱਚੋਂ ਦੋ ਮੰਗਾਂ ਪ੍ਰਤੀ ਸਕਾਰਾਤਮਕ ਨਜ਼ਰ ਆਈ। ਸੌਰਭ ਦਾਸ ਦੇ ਅਨੁਸਾਰ, ਪੀੜਤ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਪ੍ਰਸਤਾਵ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਐੱਫ.ਆਈ.ਆਰ. (FIR) ਵਾਪਸ ਲੈਣ ਦੇ ਮੁੱਦੇ ‘ਤੇ ਸਰਕਾਰ ਦਾ ਰੁਖ਼ ਹੱਕ ਵਿੱਚ ਦਿਖਾਈ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨਾਲ ਅਗਲੀ ਬੈਠਕ ਕੱਲ੍ਹ ਹੋਵੇਗੀ। ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਬਾਰੇ ਸਰਕਾਰ ਨੇ ਕੱਲ੍ਹ ਦੁਪਹਿਰ ਤੱਕ ਦਾ ਸਮਾਂ ਮੰਗਿਆ ਹੈ, ਜਿਸ ਤੋਂ ਬਾਅਦ ਅਗਲਾ ਫ਼ੈਸਲਾ ਸਾਹਮਣੇ ਆ ਸਕਦਾ ਹੈ।

Posted By: Daily Suraj Bureau

Latest News