Daily Suraj

ਪੰਜਾਬੀ

ਪਰਵਿੰਦਰ ਝੋਟਾ ਕਤਲਕਾਂਡ: ਬਲਕੌਰ ਸਿੰਘ ਨੇ ਮੁਲਤਵੀ ਕੀਤਾ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ, ‘ਸਾਡੇ ਲਈ ਪੰਜਾਬ ਸਭ ਤੋਂ ਪਹਿਲਾਂ’

19 Oct, 2026 11:14 AM

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਵਿੱਚ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਤਣਾਅਪੂਰਨ ਹਾਲਾਤ ਨੂੰ ਦੇਖਦਿਆਂ ਇੱਕ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਆਪਣੇ ਪੁੱਤਰ ਦੇ ਕੈਨੇਡਾ ਅਤੇ ਅਮਰੀਕਾ ਵਿੱਚ ਚੱਲ ਰਹੇ “ਸਾਈਨਡ ਟੂ ਗੌਡ” (Signed to God) ਹੋਲੋਗ੍ਰਾਮ ਟੂਰ ਦੇ ਬਾਕੀ ਰਹਿੰਦੇ ਸਾਰੇ ਸ਼ੋਅ ਮੁਲਤਵੀ ਕਰ ਦਿੱਤੇ ਹਨ। ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਬਲਕੌਰ ਸਿੰਘ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਬਣੇ ਮੌਜੂਦਾ ਮਾਹੌਲ ਅਤੇ ਝੋਟਾ ਦੇ ਕਤਲ ਵਿਰੁੱਧ ਲਗਾਤਾਰ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਸਾਡੇ ਲਈ ਸਾਡਾ ਪੰਜਾਬ ਸਭ ਤੋਂ ਪਹਿਲਾਂ ਹੈ।” ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਹਲਕਾ ਮਾਨਸਾ ਅਤੇ ਸਮੁੱਚਾ ਪੰਜਾਬ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੈ। ਕੈਲਗਰੀ ਅਤੇ ਅਮਰੀਕਾ ਦੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗਦਿਆਂ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਇਸ ਵਾਰ ਉੱਥੇ ਨਹੀਂ ਪਹੁੰਚ ਸਕਣਗੇ, ਪਰ ਉਨ੍ਹਾਂ ਵਾਅਦਾ ਕੀਤਾ ਕਿ ਉਹ ਜਲਦ ਹੀ ਸਿੱਧੂ ਮੂਸੇਵਾਲਾ ਦੇ ਸੰਗੀਤ ਦੀ ਬਿਹਤਰ ਪੇਸ਼ਕਾਰੀ ਨਾਲ ਦੁਬਾਰਾ ਵਾਪਸੀ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਟੋਰਾਂਟੋ ਅਤੇ ਵੈਨਕੂਵਰ ਵਿੱਚ ਮਿਲੇ ਭਰਪੂਰ ਪਿਆਰ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜਿੱਥੇ ਉਨ੍ਹਾਂ ਦੇ ਸਾਰੇ ਸ਼ੋਅ ਹਾਊਸਫੁੱਲ ਰਹੇ ਸਨ। ਜ਼ਿਕਰਯੋਗ ਹੈ ਕਿ ਇਹ ਸ਼ੋਅ ਪਹਿਲਾਂ ਹੀ ਹੋ ਚੁੱਕੇ ਹਨ, ਜਦੋਂਕਿ ਕੈਲਗਰੀ ਅਤੇ ਅਮਰੀਕਾ ਦੇ ਬਾਕੀ ਸ਼ੋਅ ਫਿਲਹਾਲ ਰੋਕ ਦਿੱਤੇ ਗਏ ਹਨ। ਇਹ ਘਟਨਾਕ੍ਰਮ 13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ’ਤੇ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ’ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਇਲਾਕੇ ਵਿੱਚ ਜਾਰੀ ਭਾਰੀ ਰੋਸ ਦਰਮਿਆਨ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਬਲਕੌਰ ਸਿੰਘ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਹਨ ਅਤੇ ਮਾਨਸਾ ਨੇੜਲੇ ਪਿੰਡ ਮੂਸਾ ਦੇ ਰਹਿਣ ਵਾਲੇ ਹਨ। ਪਿਛਲੇ ਕੁਝ ਦਿਨਾਂ ਤੋਂ ਉਹ, ਉਨ੍ਹਾਂ ਦੀ ਪਤਨੀ ਚਰਨ ਕੌਰ ਅਤੇ ਛੋਟਾ ਪੁੱਤਰ ਸ਼ੁਭਦੀਪ ਸਿੰਘ ਇਨ੍ਹਾਂ ਹੋਲੋਗ੍ਰਾਮ ਸ਼ੋਆਂ ਦੇ ਸਿਲਸਿਲੇ ਵਿੱਚ ਕੈਨੇਡਾ ਵਿੱਚ ਸਨ। ਦੂਜੇ ਪਾਸੇ, ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਐਤਵਾਰ ਨੂੰ ਐਲਾਨ ਕੀਤਾ ਕਿ ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਲੋਕਾਂ ਵਿੱਚ ਪੈਦਾ ਹੋਏ ਭਾਰੀ ਰੋਸ ਦੇ ਮੱਦੇਨਜ਼ਰ ਉਹ ਆਪਣੀ ਨਵੀਂ ਫ਼ਿਲਮ ‘ਥਾਪੀ’ ਦੀ ਸਕ੍ਰੀਨਿੰਗ ਰੋਕ ਰਹੀ ਹੈ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ 16 ਅਕਤੂਬਰ ਨੂੰ ਰਿਲੀਜ਼ ਹੋਈ ਇਹ ਫ਼ਿਲਮ ਸੋਮਵਾਰ ਤੋਂ ਸਿਨੇਮਾਘਰਾਂ ਵਿੱਚ ਨਹੀਂ ਦਿਖਾਈ ਜਾਵੇਗੀ।

Latest News