Daily Suraj

ਪੰਜਾਬੀ

ਗੋਲਾ-ਬਾਰੂਦ ਸੌਦਾ ਰਿਸ਼ਵਤ ਕਾਂਡ: ਰਾਮਪੁਰਾ ਫੂਲ ਦਾ ‘ਕਾਂਸਲ ਪਰਿਵਾਰ’ ਸੀਬੀਆਈ ਦੇ ਸ਼ਿਕੰਜੇ ਵਿੱਚ, ਆਸ਼ੀਸ਼ ਕਾਂਸਲ ਗ੍ਰਿਫ਼ਤਾਰ

19 Oct, 2026 01:48 PM

ਪੰਜਾਬ ਦੇ ਰਾਮਪੁਰਾ ਫੂਲ ਨਾਲ ਸਬੰਧਤ ‘ਕਾਂਸਲ ਪਰਿਵਾਰ’ ਹੁਣ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਦੇ ਸ਼ਿਕੰਜੇ ਵਿੱਚ ਆ ਗਿਆ ਹੈ। ਇਹ ਮਾਮਲਾ 500 ਕਰੋੜ ਰੁਪਏ ਦੇ ਗੋਲਾ-ਬਾਰੂਦ ਦੇ ਸੌਦੇ ਨਾਲ ਜੁੜੇ ਰਿਸ਼ਵਤ ਕਾਂਡ ਅਤੇ ਕੌਮੀ ਸੁਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਨਾਲ ਜੁੜਿਆ ਹੋਇਆ ਹੈ। ਰਾਮਪੁਰਾ ਫੂਲ ਦੇ ਸ਼ਿਵ ਚੰਦ ਕਾਂਸਲ ਦੇ ਪਰਿਵਾਰ ਦੀ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਹੈ, ਜੋ ਡਰੋਨ ਤਕਨਾਲੋਜੀ ਅਤੇ ਗੋਲਾ-ਬਾਰੂਦ ਆਦਿ ਦੇ ਨਿਰਮਾਣ ਦਾ ਕਾਰਜ ਕਰਦੀ ਹੈ। ਕੇਂਦਰ ਸਰਕਾਰ ਦੀ ‘ਮਿਊਨੀਸ਼ਨਜ਼ ਇੰਡੀਆ ਲਿਮਟਿਡ’ (ਐੱਮ.ਆਈ.ਐੱਲ.) ਵੱਲੋਂ ਇੱਕ ਸਾਲ ਦੀ ਮਿਆਦ ਲਈ ਗੋਲਾ-ਬਾਰੂਦ ਦੀ ਸਪਲਾਈ ਦਾ 500 ਕਰੋੜ ਰੁਪਏ ਦਾ ਅਧਿਕਾਰਤ ਠੇਕਾ ਇਸੇ ਕੰਪਨੀ ਨੂੰ ਮਿਲਿਆ ਹੋਇਆ ਸੀ। ਸੀਬੀਆਈ ਨੇ ਨਵੀਂ ਦਿੱలీ ਵਿਖੇ 12 ਅਕਤੂਬਰ ਨੂੰ ਮਿਊਨੀਸ਼ਨਜ਼ ਇੰਡੀਆ ਲਿਮਟਿਡ ਪੁਣੇ ਦੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਅਤੇ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਦੇ ਡਾਇਰੈਕਟਰ/ਪ੍ਰਮੋਟਰ ਆਸ਼ੀਸ਼ ਕਾਂਸਲ ਸਮੇਤ ਛੇ ਜਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਕੇਂਦਰੀ ਏਜੰਸੀ ਵੱਲੋਂ ਜਾਰੀ ਬਿਆਨ ਅਨੁਸਾਰ, ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਆਪਣੀ ਪੁਣੇ ਦਫ਼ਤਰ ਤਾਇਨਾਤੀ ਦੌਰਾਨ ਐੱਮ.ਆਈ.ਐੱਲ. ਦੀ ਰੱਖਿਆ ਉਤਪਾਦਨ, ਖ਼ਰੀਦ ਅਤੇ ਹੋਰ ਰਣਨੀਤਕ ਤੌਰ ’ਤੇ ਅਹਿਮ ਜਾਣਕਾਰੀ ਲੀਕ ਕਰ ਰਹੇ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਨਿਲ ਕੁਮਾਰ ਵੱਲੋਂ ਇਹ ਸੰਵੇਦਨਸ਼ੀਲ ਜਾਣਕਾਰੀ ਠੇਕੇਦਾਰਾਂ ਜਾਂ ਨਿੱਜੀ ਵਿਕਰੇਤਾਵਾਂ ਨਾਲ ਸਾਂਝੀ ਕਰਨ ਬਦਲੇ ਮੋਟੀ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ। ਇਸ ਤਰ੍ਹਾਂ ਸੂਚਨਾ ਲੀਕ ਹੋਣ ਨਾਲ ਦੇਸ਼ ਦੀ ਕੌਮੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਸੀ। ਰਾਮਪੁਰਾ ਫੂਲ ਦੇ ਆਸ਼ੀਸ਼ ਕਾਂਸਲ ਨੇ ਇਸ 500 ਕਰੋੜ ਦੇ ਸਰਕਾਰੀ ਠੇਕੇ ਦੇ ਸਬੰਧ ਵਿੱਚ ਅਨਿਲ ਕੁਮਾਰ ਨਾਲ ਨਿਯਮਤ ਤੌਰ ’ਤੇ ਰਾਬਤਾ ਬਣਾਇਆ ਹੋਇਆ ਸੀ। ਇਸ ਤੋਂ ਇਲਾਵਾ ਕੰਪਨੀ ਦਾ ਕਰਮਚਾਰੀ ਰਵਿਤ ਕੁਮਾਰ ਤਿਵਾੜੀ ਵੀ ਮੁੱਖ ਦੋਸ਼ੀ ਦੇ ਸੰਪਰਕ ਵਿੱਚ ਸੀ। ਸੀਬੀਆਈ ਨੇ ਮੁੱਖ ਮੁਲਜ਼ਮ ਅਨਿਲ ਕੁਮਾਰ ਦੇ ਟਿਕਾਣਿਆਂ ਤੋਂ 1.73 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ ਅਤੇ ਅਨਿਲ ਕੁਮਾਰ ਤੇ ਆਸ਼ੀਸ਼ ਕਾਂਸਲ ਸਮੇਤ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਲੰਮਾ ਸਮਾਂ ਪਹਿਲਾਂ ਦਿੱਲੀ ਸ਼ਿਫ਼ਟ ਹੋ ਚੁੱਕਾ ਹੈ। ਇਸ ਕੰਪਨੀ ਵਿੱਚ ਆਸ਼ੀਸ਼ ਕਾਂਸਲ ਹੋਲ-ਟਾਈਮ ਡਾਇਰੈਕਟਰ ਹਨ, ਜਦੋਂ ਕਿ ਉਨ੍ਹਾਂ ਦੇ ਪਿਤਾ ਸ਼ਿਵ ਚੰਦ ਕਾਂਸਲ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਕੇਂਦਰੀ ਏਜੰਸੀਆਂ ਦਾ ਸ਼ਿਕੰਜਾ ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਮਈ ਮਹੀਨੇ ਵਿੱਚ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਤਹਿਤ ‘ਕਾਂਸਲ ਪਰਿਵਾਰ’ ਦੇ ਰਾਇਲ ਅਸਟੇਟ ਗਰੁੱਪ ਅਤੇ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਅੱਧੀ ਦਰਜਨ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਕੰਪਨੀਆਂ ਨਾਲ ਜੁੜੇ ਪਰਵੀਨ ਕਾਂਸਲ ਉਰਫ਼ ਰੌਕੀ ਕਾਂਸਲ ਅਤੇ ਉਨ੍ਹਾਂ ਦੇ ਭਰਾ ਨੀਰਜ ਕਾਂਸਲ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਰੌਕੀ ਕਾਂਸਲ ਦਾ ਭਤੀਜਾ ਆਸ਼ੀਸ਼ ਕਾਂਸਲ ਵੀ ਸੀਬੀਆਈ ਦੇ ਸ਼ਿਕੰਜੇ ਵਿੱਚ ਫਸ ਚੁੱਕਾ ਹੈ, ਜਿਸ ਕਾਰਨ ਪੂरा ਕਾਂਸਲ ਪਰਿਵਾਰ ਗੰਭੀਰ ਕਾਨੂੰਨੀ ਸੰਕਟ ਵਿੱਚ ਘਿਰਿਆ ਹੋਇਆ ਹੈ।

Latest News