Daily Suraj

ਪੰਜਾਬੀ

ਭਾਰਤੀ ਫੌਜ ਨੇ ਮਿਲਕਫੈੱਡ ਦਾ ਸੁੱਕਾ ਦੁੱਧ ਕੀਤਾ ਰੱਦ, ਜਾਂਚ ਲਈ ਕਮੇਟੀ ਬਣੇਗੀ

26 Mar, 2026 05:44 PM

ਭਾਰਤੀ ਫੌਜ ਨੇ ਮਿਲਕਫੈੱਡ ਵੱਲੋਂ ਸਪਲਾਈ ਕੀਤੇ ਗਏ ਸੁੱਕੇ ਦੁੱਧ (ਦੁੱਧ ਪਾਊਡਰ) ਦੀ ਪੂਰੀ ਖੇਪ ਨੂੰ ਰੱਦ ਕਰ ਦਿੱਤਾ ਹੈ। ਇਹ ਫੈਸਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਸਹਿਕਾਰੀ ਖੇਤਰ ਦੇ ਇਸ ਅਦਾਰੇ ਦੀ ਡੇਅਰੀ ਮਾਰਕੀਟ ਵਿੱਚ ਗੁਣਵੱਤਾ ਲਈ ਚੰਗੀ ਛਵੀ ਮੰਨੀ ਜਾਂਦੀ ਹੈ। ਜੰਮੂ ਸਥਿਤ ਆਰਮੀ ਸਰਵਿਸ ਕਾਰਪਸ ਦੇ ਆਫ਼ੀਸਰ ਕਮਾਂਡਿੰਗ ਵੱਲੋਂ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ, ਲੁਧਿਆਣਾ ਨੂੰ ਪੱਤਰ ਭੇਜ ਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੱਤਰ ਵਿੱਚ ਦਰਸਾਇਆ ਗਿਆ ਹੈ ਕਿ ਲੁਧਿਆਣਾ ਪਲਾਂਟ ਵੱਲੋਂ ਭੇਜੇ ਗਏ ਕਰੀਬ 125 ਮੈਟ੍ਰਿਕ ਟਨ ਦੁੱਧ ਪਾਊਡਰ ਨੂੰ ਰੱਦ ਕੀਤਾ ਗਿਆ ਹੈ। ਮਿਲਕਫੈੱਡ ਦੇ ਅਧਿਕਾਰਤ ਸੂਤਰਾਂ ਅਨੁਸਾਰ, ਲੁਧਿਆਣਾ ਪਲਾਂਟ ਦੇ ਦੁੱਧ ਪਾਊਡਰ ਦੇ ਦੋ ਬੈਚ—58.338 ਮੈਟ੍ਰਿਕ ਟਨ ਅਤੇ 66.654 ਮੈਟ੍ਰਿਕ ਟਨ—ਨੂੰ ਗੁਣਵੱਤਾ ਦੇ ਮਾਪਦੰਡਾਂ ਦੇ ਆਧਾਰ ‘ਤੇ ਖਾਰਜ ਕੀਤਾ ਗਿਆ ਹੈ। ਭਾਰਤੀ ਫੌਜ ਵੱਲੋਂ ਇਸ ਲਈ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਮਿਲਕਫੈੱਡ ਵੱਲੋਂ ਪੰਜਾਬ ਦੇ ਵੱਖ-ਵੱਖ ਪਲਾਂਟਾਂ ਤੋਂ ਫੌਜ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਪਲਾਈ ਕੀਤੀ ਜਾਂਦੀ ਹੈ। ਲੁਧਿਆਣਾ ਪਲਾਂਟ ਦੁੱਧ ਪਾਊਡਰ ਦਾ ਮੁੱਖ ਸਪਲਾਇਰ ਹੈ, ਜਦਕਿ ਬਠਿੰਡਾ ਪਲਾਂਟ ਤੋਂ ਦੁੱਧ, ਦਹੀਂ ਅਤੇ ਮੱਖਣ ਆਦਿ ਅਤੇ ਅੰਮ੍ਰਿਤਸਰ ਪਲਾਂਟ ਤੋਂ ਘਿਓ ਵਰਗੇ ਉਤਪਾਦ ਭੇਜੇ ਜਾਂਦੇ ਹਨ। ਰੱਦ ਕੀਤੀ ਗਈ ਖੇਪ ਬਾਰੇ ਆਫ਼ੀਸਰ ਕਮਾਂਡਿੰਗ ਨੇ ਕੇਂਦਰੀ ਰੱਖਿਆ ਮੰਤਰਾਲੇ ਦੇ ਖ਼ਰੀਦ ਅਤੇ ਖੁਰਾਕ ਨਿਰੀਖਣ ਸੰਗਠਨ ਨੂੰ ਵੀ ਲਿਖਤੀ ਸੂਚਨਾ ਭੇਜੀ ਹੈ। ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਕਿਹਾ ਕਿ ਸੰਸਥਾ ਦੇਸ਼ ਦੀਆਂ ਪ੍ਰਮੁੱਖ ਸਹਿਕਾਰੀ ਸੰਸਥਾਵਾਂ ਵਿੱਚੋਂ ਇੱਕ ਹੈ ਅਤੇ ਉਤਪਾਦਾਂ ਦੀ ਗੁਣਵੱਤਾ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫੌਜ ਵੱਲੋਂ ਦੁੱਧ ਪਾਊਡਰ ਨੂੰ ਰੱਦ ਕਰਨ ਦੇ ਕਾਰਨਾਂ ਦੀ ਜਾਂਚ ਲਈ ਤੱਥ-ਖੋਜ ਕਮੇਟੀ ਬਣਾਈ ਜਾਵੇਗੀ।

Posted By: Daily Suraj Bureau

Latest News