ਕਾਂਗੋ ਨਦੀ 'ਚ ਦੋ ਕਿਸ਼ਤੀਆਂ ਦੀ ਭਿਆਨਕ ਟੱਕਰ: ਘੱਟੋ-ਘੱਟ 30 ਲੋਕਾਂ ਦੀ ਮੌਤ, ਦਰਜਨਾਂ ਹਾਲੇ ਵੀ ਲਾਪਤਾ
ਅਫ਼ਰੀਕੀ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ (DR Congo) ਦੀ ਕਾਂਗੋ ਨਦੀ ਵਿੱਚ ਵੀਕਐਂਡ ਦੌਰਾਨ ਦੋ ਕਿਸ਼ਤੀਆਂ ਦੀ ਹੋਈ ਭਿਆਨਕ ਟੱਕਰ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਹੋਰ ਯਾਤਰੀ ਲਾਪਤਾ ਦੱਸੇ ਜਾ ਰਹੇ ਹਨ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਪੁਸ਼ਟੀ ਕੀਤੀ ਹੈ।ਸੂਬਾਈ ਗ੍ਰਹਿ ਮੰਤਰੀ ਕ੍ਰਿਸਪਿਨ ਮਪੁਟੂ (Crispin Mputu) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਐਤਵਾਰ ਨੂੰ ਇਕਵਾਟੇਉਰ (Equateur) ਸੂਬੇ ਵਿੱਚ ਨਗੋਮਬੇ-ਲੁਕੋਲੇਲਾ (Ngombe-Lukolela) ਖੇਤਰ ਦੇ ਨੇੜੇ ਵਾਪਰਿਆ। ਉੱਥੇ ਮੋਟਰ ਨਾਲ ਚੱਲਣ ਵਾਲੀਆਂ ਲੱਕੜ ਦੀਆਂ ਦੋ ਕਿਸ਼ਤੀਆਂ ਅਚਾਨਕ ਆਪਸ ਵਿੱਚ ਟਕਰਾ ਗਈਆਂ। ਹਾਲਾਂਕਿ, ਇਸ ਟੱਕਰ ਦੇ ਮੁੱਖ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਗ੍ਰਹਿ ਮੰਤਰੀ ਨੇ ਐਸੋਸੀਏਟਿਡ ਪ੍ਰੈਸ (AP) ਨੂੰ ਦੱਸਿਆ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲੇ 30 ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਪਹਿਲਾਂ ਹੀ ਸਪੁਰਦ-ਏ-ਖ਼ਾਕ (ਦਫ਼ਨਾਇਆ) ਕੀਤਾ ਜਾ ਚੁੱਕਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਕਿਸ਼ਤੀ ਉੱਤਰ-ਪੱਛਮੀ ਖੇਤਰ ਉਬਾਂਗੀ (Ubangi) ਤੋਂ ਰਾਜਧਾਨੀ ਕਿੰਸ਼ਾਸਾ ਵੱਲ ਜਾ ਰਹੀ ਸੀ, ਜਦਕਿ ਦੂਜੀ ਕਿਸ਼ਤੀ ਕਿੰਸ਼ਾਸਾ ਤੋਂ ਲੁਕੋਲੇਲਾ ਵੱਲ ਆ ਰਹੀ ਸੀ, ਜਿੱਥੇ ਇਹ ਭਿਆਨਕ ਹਾਦਸਾ ਵਾਪਰ ਗਿਆ।ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਵੱਲੋਂ ਨਦੀ ਵਿੱਚ ਲਾਪਤਾ ਹੋਏ ਹੋਰ ਯਾਤਰੀਆਂ ਦੀ ਭਾਲ ਲਈ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਪਤਾ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।