Daily Suraj

ਪੰਜਾਬੀ

ਰੂਸੀ ਤੇਲ ਦੀ ਦਰਾਮਗੀ ’ਤੇ ਟੈਕਸ ਲਾਉਣ ਬਾਰੇ ਅਮਰੀਕਾ ਦੀ ਮੰਗ ਨੂੰ ਚੀਨ ਨੇ ਧੱਕੇਸ਼ਾਹੀ ਦੱਸਿਆ; ਜਵਾਬੀ ਕਾਰਵਾਈ ਦੀ ਚੇਤਾਵਨੀ

16 Sep, 2025 01:25 AM

ਬੀਜਿੰਗ ਨੇ ਸੋਮਵਾਰ ਨੂੰ G7 ਅਤੇ NATO ਦੇਸ਼ਾਂ ਨੂੰ ਚੀਨ ਅਤੇ ਰੂਸੀ ਤੇਲ ਦਰਾਮਦ ਕਰਨ ਵਾਲੇ ਹੋਰ ਦੇਸ਼ਾਂ ’ਤੇ ਟੈਕਸ ਲਗਾਉਣ ਦੀ ਅਮਰੀਕੀ ਮੰਗ ਨੂੰ "ਇਕਪਾਸੜ ਧੱਕੇਸ਼ਾਹੀ" ਅਤੇ "ਆਰਥਿਕ ਜਬਰਦਸਤੀ" ਦੀ ਇੱਕ ਖਾਸ ਕਾਰਵਾਈ ਦੱਸਿਆ ਅਤੇ ਚੇਤਾਵਨੀ ਦਿੱਤੀ ਕਿ ਜੇ ਵਾਸ਼ਿੰਗਟਨ ਦੀ ਮੰਗ ਮੰਨੀ ਗਈ ਤਾਂ ਉਹ ਜਵਾਬੀ ਕਾਰਵਾਈ ਕਰੇਗਾ।


ਸੋਮਵਾਰ ਨੂੰ ਸਪੇਨ ਵਿੱਚ ਆਰਥਿਕ ਅਤੇ ਵਪਾਰਕ ਮੁੱਦਿਆਂ ’ਤੇ ਚੀਨੀ ਅਤੇ ਅਮਰੀਕੀ ਵਫ਼ਦਾਂ ਵਿਚਕਾਰ ਉਨ੍ਹਾਂ ਦੀ ਗੱਲਬਾਤ ਦੇ ਦੂਜੇ ਦਿਨ ਮੁੜ ਮੁਲਾਕਾਤ ਦੌਰਾਨ ਅਮਰੀਕਾ ਦੀ ਇਸ ਮੰਗ ਨੂੰ ਚੀਨ ਨੇ ਖਾਰਜ ਕੀਤਾ।


ਇੱਕ ਨਿਯਮਤ ਨਿਊਜ਼ ਬ੍ਰੀਫਿੰਗ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਰੂਸ ਸਮੇਤ ਦੁਨੀਆ ਭਰ ਦੇ ਦੇਸ਼ਾਂ ਨਾਲ ਚੀਨ ਦਾ ਆਮ ਆਰਥਿਕ ਅਤੇ ਊਰਜਾ ਸਹਿਯੋਗ ਜਾਇਜ਼, ਕਾਨੂੰਨੀ ਅਤੇ ਬੇਦਾਗ ਹੈ।


ਲਿਨ ਨੇ ਕਿਹਾ, “ਅਮਰੀਕਾ ਦਾ ਇਹ ਕਦਮ ਇਕਪਾਸੜ ਧੱਕੇਸ਼ਾਹੀ ਅਤੇ ਆਰਥਿਕ ਜਬਰਦਸਤੀ ਦੀ ਇੱਕ ਖਾਸ ਕਾਰਵਾਈ ਹੈ, ਜੋ ਅੰਤਰਰਾਸ਼ਟਰੀ ਵਪਾਰ ਨਿਯਮਾਂ ਨੂੰ ਗੰਭੀਰ ਨਾਲ ਕਮਜ਼ੋਰ ਕਰਦਾ ਹੈ ਅਤੇ ਵਿਸ਼ਵ ਉਦਯੋਗਿਕ ਅਤੇ ਸਪਲਾਈ ਲੜੀਆਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਖ਼ਤਰਾ ਪਹੁੰਚਾਉਂਦਾ ਹੈ।”


ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਵਿੱਚ ਮਦਦ ਲਈ ਨਾਟੋ ਦੇਸ਼ਾਂ ਨੂੰ ਚੀਨ ’ਤੇ 50 ਤੋਂ 100 ਫੀਸਦੀ ਟੈਕਸ ਲਗਾਉਣੇ ਚਾਹੀਦੇ ਹਨ ਅਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ।

Posted By: Daily Suraj Bureau

Latest News