ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਕੀਤੀ ਪੂਜਾ, ਤ੍ਰਿਸ਼ੂਲ ਲਹਿਰਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਸ਼ੀ ਦੇ ਬਾਬਾ ਵਿਸ਼ਵਨਾਥ ਮੰਦਰ ਵਿੱਚ ਦਰਸ਼ਨ ਕਰਦੇ ਹੋਏ ਵਿਧੀਵਤ ਪੂਜਾ ਅਰਚਨਾ ਕੀਤੀ। ਉਹ ਕਰੀਬ 20 ਮਿੰਟ ਤੱਕ ਮੰਦਰ ਦੇ ਗਰਭ ਗ੍ਰਹਿ ਵਿੱਚ ਰਹੇ, ਜਿੱਥੇ ਪੰਜ ਪੁਜਾਰੀਆਂ ਨੇ ਉਨ੍ਹਾਂ ਲਈ ਵਿਸ਼ੇਸ਼ ਰਸਮਾਂ ਅਨੁਸਾਰ ਪੂਜਾ ਕਰਵਾਈ। ਇਸ ਦੌਰਾਨ ਉਨ੍ਹਾਂ ਨੂੰ ਮਾਲਾ ਪਹਿਨਾਈ ਗਈ ਅਤੇ ਮੱਥੇ ‘ਤੇ ਤ੍ਰਿਪੁੰਡ ਵੀ ਲਗਾਇਆ ਗਿਆ। ਮੰਦਰ ਤੋਂ ਬਾਹਰ ਨਿਕਲਣ ਉਪਰੰਤ ਭਾਜਪਾ ਨੇਤਾਵਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਤ੍ਰਿਸ਼ੂਲ ਅਤੇ ਡਮਰੂ ਭੇਟ ਕੀਤਾ ਗਿਆ। ਇਸ ਤੋਂ ਬਾਅਦ ਮੋਦੀ ਨੇ ਤ੍ਰਿਸ਼ੂਲ ਹੱਥ ਵਿੱਚ ਚੁੱਕ ਕੇ ਲਹਿਰਾਇਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਾਸ਼ੀ ਵਿੱਚ 14 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੇ ਸਮਾਪਤ ਹੋਣ ਉਪਰੰਤ ਉਹ ਵਿਸ਼ਵਨਾਥ ਮੰਦਰ ਪਹੁੰਚੇ। ਮੰਦਰ ਦੇ ਦਰਵਾਜ਼ੇ ‘ਤੇ 108 ਭਿਕਸ਼ੂਆਂ ਵੱਲੋਂ ਸ਼ੰਖ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਮੰਦਰ ਪਰਿਸਰ ਵਿੱਚ ਮੋਦੀ ਨੇ ਬੱਚਿਆਂ ਨਾਲ ਮੁਲਾਕਾਤ ਕਰਕੇ ਗੱਲਬਾਤ ਵੀ ਕੀਤੀ। ਰੋਡ ਸ਼ੋਅ ਦੌਰਾਨ ਭਾਜਪਾ ਵਰਕਰ ਢੋਲ ਦੀ ਧੁਨ ‘ਤੇ ਨੱਚਦੇ ਨਜ਼ਰ ਆਏ ਅਤੇ ਵੱਖ-ਵੱਖ ਥਾਵਾਂ ‘ਤੇ ਪ੍ਰਧਾਨ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਕਾਫਲੇ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਹਾਲਾਂਕਿ ਉਹ ਕਿਸੇ ਵੀ ਸਥਾਨ ‘ਤੇ ਨਹੀਂ ਰੁਕੇ। ਕਾਸ਼ੀ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਹਰਦੋਈ ਲਈ ਰਵਾਨਾ ਹੋ ਗਏ, ਜਿੱਥੇ ਉਹ ਗੰਗਾ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ। 594 ਕਿਲੋਮੀਟਰ ਲੰਬਾ ਇਹ ਐਕਸਪ੍ਰੈਸਵੇਅ ਮੇਰਠ ਨੂੰ ਪ੍ਰਯਾਗਰਾਜ ਨਾਲ ਜੋੜੇਗਾ।
Posted By: Daily Suraj Bureau