ਪਾਕਿਸਤਾਨ ਦੇ ਬਲੋਚਿਸਤਾਨ 'ਚ ਕੋਲੇ ਦੀ ਖਾਨ 'ਚ ਗੈਸ ਧਮਾਕਾ: 4 ਮਜ਼ਦੂਰਾਂ ਦੀ ਮੌਤ, 5 ਗੰਭੀਰ ਜ਼ਖ਼ਮੀ
ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਵਿੱਚ ਇੱਕ ਵਾਰ ਫਿਰ ਦਰਦਨਾਕ ਖਾਨ ਹਾਦਸਾ ਸਾਹਮਣੇ ਆਇਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਬਲੋਚਿਸਤਾਨ ਦੇ ਹਰਨਾਈ ਜ਼ਿਲ੍ਹੇ ਵਿੱਚ ਸਥਿਤ ਇੱਕ ਕੋਲੇ ਦੀ ਖਾਨ ਵਿੱਚ ਐਤਵਾਰ ਨੂੰ ਗੈਸ ਇਕੱਠੀ ਹੋਣ ਕਾਰਨ ਹੋਏ ਧਮਾਕੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਾਕਿਸਤਾਨੀ ਫੌਜ ਦੀਆਂ ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਟੀਮਾਂ ਨੇ ਖਾਨ ਵਿੱਚੋਂ ਚਾਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਪੰਜ ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜ਼ਖ਼ਮੀ ਮਜ਼ਦੂਰਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਸੂਬਾਈ ਰਾਜਧਾਨੀ ਕਵੇਟਾ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਲੋਚਿਸਤਾਨ ਦੀਆਂ ਕੋਲਾ ਖਾਨਾਂ ਵਿੱਚ ਅਜਿਹੇ ਹਾਦਸੇ ਲਗਾਤਾਰ ਵਾਪਰ ਰਹੇ ਹਨ। ਇਸ ਤੋਂ ਪਹਿਲਾਂ ਅਗਸਤ ਦੇ ਸ਼ੁਰੂ ਵਿੱਚ, ਬਲੋਚਿਸਤਾਨ ਦੇ ਹੀ ਡੂਕੀ ਜ਼ਿਲ੍ਹੇ ਵਿੱਚ ਇੱਕ ਕੋਲਾ ਖਾਨ ਵਿੱਚ ਕੰਮ ਕਰਦਿਆਂ ਜ਼ਹਿਰੀਲੀ ਮੀਥੇਨ ਗੈਸ ਚੜ੍ਹਨ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਦੋ ਅਫਗਾਨ ਨਾਗਰਿਕ ਅਤੇ ਇੱਕ ਪਾਕਿਸਤਾਨੀ ਨਾਗਰਿਕ ਸ਼ਾਮਲ ਸੀ। ਇਸ ਤੋਂ ਇਲਾਵਾ, ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (PDMA) ਦੀ ਰਿਪੋਰਟ ਮੁਤਾਬਕ ਜੁਲਾਈ ਦੇ ਸ਼ੁਰੂ ਵਿੱਚ ਬਲੋਚਿਸਤਾਨ ਦੇ ਸੋਰਾਂਜ ਖੇਤਰ ਵਿੱਚ ਮੀਥੇਨ ਗੈਸ ਧਮਾਕੇ ਕਾਰਨ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਗਿਆ ਸੀ। ਉਸ ਹਾਦਸੇ ਸਮੇਂ ਖਾਨ ਵਿੱਚ 41 ਮਜ਼ਦੂਰ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ 34 ਮਜ਼ਦੂਰਾਂ ਦੀਆਂ ਲਾਸ਼ਾਂ ਮਲਬੇ ਹੇਠੋਂ ਬਰਾਮਦ ਕੀਤੀਆਂ ਗਈਆਂ ਸਨ। ਬਲੋਚਿਸਤਾਨ ਦੀਆਂ ਖਾਨਾਂ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਲਗਾਤਾਰ ਆਪਣੀ ਜਾਨ ਜ਼ੋਖਮ ਵਿੱਚ ਪਾਉਣੀ ਪੈ ਰਹੀ ਹੈ।
Posted By: Daily Suraj Bureau