Daily Suraj

ਪੰਜਾਬੀ

ਸਿਆਸੀ ਦਲਬਦਲੀ ਦਾ ਖੇਡ: 64 ਆਗੂ ਸਿਰਫ਼ ਤਿੰਨ ਪਾਰਟੀਆਂ ਨਾਲ ਸਬੰਧਤ, NPF ਅਤੇ ਭਾਜਪਾ 'ਚ ਸ਼ਾਮਲ ਹੋਏ ਸਭ ਤੋਂ ਵੱਧ ਨੇਤਾ

26 Sep, 2026 04:57 PM

ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਅਤੇ ਨੈਸ਼ਨਲ ਇਲੈਕਸ਼ਨ ਵਾਚ ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਵਿਸ਼ਲੇਸ਼ਣ ਅਨੁਸਾਰ, ਸਾਲ 2022 ਤੋਂ ਲੈ ਕੇ ਹੁਣ ਤੱਕ ਮੌਜੂਦਾ ਲੋਕ ਸਭਾ, ਰਾਜ ਸਭਾ ਅਤੇ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਚੁਣੇ ਜਾਣ ਤੋਂ ਬਾਅਦ ਕੁੱਲ 111 ਮੌਜੂਦਾ ਸੰਸਦ ਮੈਂਬਰਾਂ (MP) ਅਤੇ ਵਿਧਾਇਕਾਂ (MLA) ਨੇ ਆਪਣੀਆਂ ਸਿਆਸੀ ਪਾਰਟੀਆਂ ਬਦਲੀਆਂ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਾਰਟੀ ਬਦਲਣ ਵਾਲੇ ਕੁੱਲ 111 ਜਨਪ੍ਰਤੀਨਿਧੀਆਂ ਵਿੱਚੋਂ 26 ਲੋਕ ਸਭਾ ਦੇ ਮੈਂਬਰ ਸਨ, 7 ਰਾਜ ਸਭਾ ਦੇ ਮੈਂਬਰ ਸਨ ਅਤੇ 78 ਮੈਂਬਰ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਵਿਧਾਇਕ ਸਨ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਸਭ ਤੋਂ ਵੱਧ ਛੱਡਿਆ ਸਾਥ ADR ਦੇ ਅੰਕੜਿਆਂ ਮੁਤਾਬਕ, ਜਿਨ੍ਹਾਂ 111 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਆਪਣੀਆਂ ਮੂਲ ਪਾਰਟੀਆਂ ਛੱਡੀਆਂ ਹਨ, ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ (64 ਆਗੂ) ਸਿਰਫ਼ ਤਿੰਨ ਰਾਜਨੀਤਿਕ ਦਲਾਂ ਨਾਲ ਸਬੰਧਤ ਸਨ: NDPP: ਸਭ ਤੋਂ ਵੱਧ 25 ਆਗੂਆਂ (23 ਫ਼ੀਸਦੀ) ਨੇ ਪਾਰਟੀ ਬਦਲੀ। ਤ੍ਰਿਣਮੂਲ ਕਾਂਗਰਸ (TMC): 20 ਆਗੂਆਂ (18 ਫ਼ੀਸਦੀ) ਨੇ ਪਾਰਟੀ ਛੱਡੀ। ਕਾਂਗਰਸ: 19 ਆਗੂਆਂ (17 ਫ਼ੀਸਦੀ) ਨੇ ਅਸਤੀਫ਼ਾ ਦੇ ਕੇ ਦੂਜਾ ਰਾਹ ਚੁਣਿਆ। ਇਨ੍ਹਾਂ ਤੋਂ ਇਲਾਵਾ, ਭਾਰਤ ਰਾਸ਼ਟਰ ਸਮਿਤੀ (BRS) ਦੇ 9, ਆਮ ਆਦਮੀ ਪਾਰਟੀ (AAP) ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (NCP) ਦੇ 7-7 ਆਗੂਆਂ ਨੇ ਪਾਰਟੀ ਬਦਲੀ। ਸ਼ਿਵ ਸੈਨਾ (ਊਧਵ ਠਾਕਰੇ ਗੁੱਟ) ਦੇ 6, ਜਨਤਾ ਦਲ (ਯੂਨਾਈਟਿਡ) ਦੇ 5 ਅਤੇ ਨੈਸ਼ਨਲ ਪੀਪਲਜ਼ ਪਾਰਟੀ (NPP) ਦੇ 4 ਆਗੂਆਂ ਨੇ ਵੀ ਦਲਬਦਲੀ ਕੀਤੀ। ਰਿਪੋਰਟ 'ਚ ਇਹ ਵੀ ਨਿਸ਼ਾਨਦੇਹੀ ਕੀਤੀ ਗਈ ਹੈ ਕਿ ਹਾਲ ਹੀ 'ਚ ਕੁੱਲ ਰਾਜ ਵਿਧਾਨ ਸਭਾਵਾਂ 'ਚ ਸਰਕਾਰਾਂ ਦਾ ਡਿੱਗਣਾ ਵਿਧਾਇਕਾਂ ਵੱਲੋਂ ਕੀਤੀ ਗਈ ਇਸੇ ਦਲਬਦਲੀ ਦਾ ਸਿੱਧਾ ਨਤੀਜਾ ਸੀ। ਇਨ੍ਹਾਂ ਪਾਰਟੀਆਂ ਵਿੱਚ ਸ਼ਾਮਲ ਹੋਏ ਸਭ ਤੋਂ ਵੱਧ ਚੁਣੇ ਹੋਏ ਨੁਮਾਇੰਦੇ ਦੂਜੇ ਪਾਸੇ, ਦਲਬਦਲੀ ਕਰਨ ਵਾਲੇ ਨੇਤਾਵਾਂ ਨੂੰ ਆਪਣੇ ਨਾਲ ਜੋੜਨ ਦੇ ਮਾਮਲੇ ਵਿੱਚ ਖੇਤਰੀ ਅਤੇ ਰਾਸ਼ਟਰੀ ਪਾਰਟੀਆਂ ਅੱਗੇ ਰਹੀਆਂ: ਨਾਗਾ ਪੀਪਲਜ਼ ਫਰੰਟ (NPF): ਸਭ ਤੋਂ ਅੱਗੇ ਰਹਿੰਦਿਆਂ 32 ਚੁਣੇ ਹੋਏ ਨੁਮਾਇੰਦਿਆਂ (29 ਫ਼ੀਸਦੀ) ਨੂੰ ਆਪਣੀ ਪਾਰਟੀ 'ਚ ਸ਼ਾਮਲ ਕੀਤਾ। ਭਾਰਤੀ ਜਨਤਾ ਪਾਰਟੀ (BJP): 29 ਆਗੂਆਂ (26 ਫ਼ੀਸਦੀ) ਨੂੰ ਆਪਣੇ ਨਾਲ ਜੋੜਿਆ। ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ ਇੰਡੀਆ (NCPI): 20 ਆਗੂਆਂ (18 ਫ਼ੀਸਦੀ) ਨੂੰ ਪਾਰਟੀ 'ਚ ਜਗ੍ਹਾ ਦਿੱਤੀ। ਇਸ ਤੋਂ ਇਲਾਵਾ ਕਾਂਗਰਸ ਵਿੱਚ 9 (8 ਫ਼ੀਸਦੀ), ਸ਼ਿਵ ਸੈਨਾ ਵਿੱਚ 8 (7 ਫ਼ੀਸਦੀ), NPP ਵਿੱਚ 6 (5 ਫ਼ੀਸਦੀ) ਅਤੇ ਪੀਪਲਜ਼ ਪਾਰਟੀ ਆਫ ਅਰੁਣਾਚਲ ਵਿੱਚ 4 (4 ਫ਼ੀਸਦੀ) ਨੁਮਾਇੰਦੇ ਸ਼ਾਮਲ ਹੋਏ। ਕੁੱਲ ਮਿਲਾ ਕੇ 111 ਦਲਬਦਲੀ ਕਰਨ ਵਾਲੇ ਨੇਤਾਵਾਂ ਵਿੱਚੋਂ 81 (73 ਫ਼ੀਸਦੀ) ਇਕੱਲੇ NPF, ਭਾਜਪਾ ਅਤੇ NCPI ਵਿੱਚ ਸ਼ਾਮਲ ਹੋਏ। ਇਹ ਪੂਰਾ ਵਿਸ਼ਲੇਸ਼ਣ 2022 ਤੋਂ 2026 ਦਰਮਿਆਨ ਹੋਈਆਂ ਆਮ ਚੋਣਾਂ ਅਤੇ ਜ਼ਿਮਨੀ ਚੋਣਾਂ ਦੇ ਅੰਕੜਿਆਂ 'ਤੇ ਆਧਾਰਿਤ ਹੈ।

Posted By: Daily Suraj Bureau

Latest News