ਸ੍ਰੀ ਹੇਮਕੁੰਟ ਸਾਹਿਬ 'ਚ ਪਈ 7 ਇੰਚ ਤੱਕ ਬਰਫ਼: ਉੱਤਰਾਖੰਡ ਸਰਕਾਰ ਵੱਲੋਂ ਦੋ ਦਿਨਾਂ ਲਈ ਯਾਤਰਾ ਮੁਅੱਤਲ, ਚਾਰ ਧਾਮ ਯਾਤਰਾ 'ਤੇ ਵੀ ਲੱਗੀ ਰੋਕ
ਉੱਤਰਾਖੰਡ ਸਥਿਤ ਪ੍ਰਸਿੱਧ ਸਿੱਖ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਆਲੇ-ਦੁਆਲੇ ਦੀਆਂ ਉੱਚੀਆਂ ਪਹਾੜੀਆਂ ’ਤੇ ਨਿਰੰਤਰ ਹੋ ਰਹੀ ਭਾਰੀ ਬਰਫ਼ਬਾਰੀ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਯਾਤਰਾ ਨੂੰ ਦੋ ਦਿਨਾਂ ਲਈ (27 ਸਤੰਬਰ ਤੱਕ) ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਬੀਤੀ ਰਾਤ ਤੋਂ ਜਾਰੀ ਬਰਫ਼ਬਾਰੀ ਕਾਰਨ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਛੇ ਤੋਂ ਸੱਤ ਇੰਚ ਤੱਕ ਬਰਫ਼ ਦੀ ਮੋਟੀ ਪਰਤ ਜੰਮ ਚੁੱਕੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਸੀਈਓ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਖੇਤਰ ਵਿੱਚ ਬਰਫ਼ਬਾਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹ ਇਸ ਸੀਜ਼ਨ ਦੀ ਦੂਜੀ ਬਰਫ਼ਬਾਰੀ ਹੈ, ਇਸ ਤੋਂ ਪਹਿਲਾਂ 16 ਸਤੰਬਰ ਨੂੰ ਪਹਿਲੀ ਬਰਫ਼ਬਾਰੀ ਦਰਜ ਕੀਤੀ ਗਈ ਸੀ। ਭਾਰੀ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਨੂੰ ਦੇਖਦਿਆਂ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਉੱਤਰਾਖੰਡ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਯਾਤਰਾ 27 ਸਤੰਬਰ ਤੱਕ ਰੋਕਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਬਾਕੀ ਚਾਰ ਧਾਮ ਯਾਤਰਾ ਨੂੰ ਵੀ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਇਸ ਸਾਲ ਦੀ ਸਾਲਾਨਾ ਯਾਤਰਾ 20 ਮਈ ਨੂੰ ਆਰੰਭ ਹੋਈ ਸੀ ਅਤੇ 10 ਅਕਤੂਬਰ ਨੂੰ ਸੀਤ ਕਾਲ ਵਾਸਤੇ ਗੁਰਦੁਆਰਾ ਸਾਹਿਬ ਦੇ ਕਿਵਾੜ ਬੰਦ ਕੀਤੇ ਜਾਣਗੇ। 25 ਸਤੰਬਰ ਤੱਕ ਲਗਭਗ 3.40 ਲੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਪ੍ਰਬੰਧਕੀ ਕਮੇਟੀ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਦੇ ਬਾਕੀ ਬਚੇ ਦਿਨਾਂ ਨੂੰ ਧਿਆਨ ਵਿੱਚ ਰੱਖਦਿਆਂ ਆਉਣ ਵਾਲੇ ਦਿਨਾਂ ਲਈ ਆਪਣਾ ਪ੍ਰੋਗਰਾਮ ਬਣਾਉਣ। ਇਸ ਦੇ ਨਾਲ ਹੀ ਟਰਸਟ ਵੱਲੋਂ ਸਾਲ 2027 ਦੀ ਅਗਲੀ ਯਾਤਰਾ ਲਈ ਰਾਸ਼ਨ, ਡੀਜ਼ਲ ਅਤੇ ਹੋਰ ਜ਼ਰੂਰੀ ਸਾਮਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਗੋਬਿੰਦ ਧਾਮ ਵਿਖੇ ਪਹੁੰਚਾ ਕੇ ਸਟੋਰ ਕਰਨ ਦੇ ਪ੍ਰਬੰਧ ਵੀ ਸ਼ੁਰੂ ਕਰ ਦਿੱਤੇ ਗਏ ਹਨ। ਸਮੁੰਦਰ ਤਲ ਤੋਂ ਲਗਭਗ 15 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਹੋਣ ਕਰਕੇ ਹੇਮਕੁੰਟ ਸਾਹਿਬ ਵਿਖੇ ਮੌਸਮ ਵਿੱਚ ਥੋੜ੍ਹਾ ਜਿਹਾ ਬਦਲਾਅ ਵੀ ਤਾਪਮਾਨ 'ਤੇ ਵੱਡਾ ਅਸਰ ਪਾਉਂਦਾ ਹੈ। ਇਸ ਵੇਲੇ ਖੇਤਰ ਵਿੱਚ ਤਾਪਮਾਨ 7 ਤੋਂ 11 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੋਇਆ ਹੈ। ਬਰਫ਼ ਪੈਣ ਕਰਕੇ ਪੈਦਲ ਰਸਤਿਆਂ 'ਤੇ ਤਿਲਕਣ ਵਧ ਗਈ ਹੈ, ਜਿਸ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲੀਸ ਅਤੇ ਐੱਸਡੀਆਰਐੱਫ (SDRF) ਦੇ ਜਵਾਨ ਘੰਘੜੀਆ ਅਤੇ ਚਮੋਲੀ ਦੇ ਹੋਰ ਸੰਵੇਦਨਸ਼ੀਲ ਪੜਾਅ 'ਤੇ ਮੁਸਤੈਦ ਹਨ ਅਤੇ ਸ਼ਰਧਾਲੂਆਂ ਦੀ ਹਰ ਸੰਭਵ ਮਦਦ ਕਰ ਰਹੇ ਹਨ।
Posted By: Daily Suraj Bureau