ਲੁਧਿਆਣਾ ’ਚ ਵੱਡੀ ਕਾਰਵਾਈ: 3100 ਕਿਲੋ ਚੂਰਾ-ਪੋਸਤ ਬਰਾਮਦ, ਤਿੰਨ ਲਗਜ਼ਰੀ ਗੱਡੀਆਂ ਜ਼ਬਤ
ਪੰਜਾਬ ਵਿੱਚ ਨਸ਼ਾ ਤਸਕਰੀ ਦੇ ਵਧਦੇ ਜਾਲ ਵਿਚਕਾਰ ਲੁਧਿਆਣਾ ਪੁਲੀਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਥਾਣਾ ਜਮਾਲਪੁਰ ਦੀ ਪੁਲੀਸ ਟੀਮ ਨੇ ਛਾਪੇਮਾਰੀ ਦੌਰਾਨ ਇੱਕ ਟਰੱਕ ਅਤੇ ਤਿੰਨ ਹੋਰ ਵਾਹਨਾਂ ਵਿੱਚੋਂ ਭਾਰੀ ਮਾਤਰਾ ਵਿੱਚ ਚੂਰਾ-ਪੋਸਤ ਬਰਾਮਦ ਕੀਤਾ ਹੈ। ਬਰਾਮਦ ਨਸ਼ੇ ਦਾ ਕੁੱਲ ਵਜ਼ਨ ਲਗਭਗ 3100 ਕਿਲੋ ਦੱਸਿਆ ਜਾ ਰਿਹਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 6 ਕਰੋੜ ਰੁਪਏ ਅੰਦਾਜ਼ੀ ਲਗਾਈ ਗਈ ਹੈ। ਹਾਲਾਂਕਿ, ਪੁਲੀਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ, ਐਸ.ਆਈ. ਦਲਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਜਮਾਲਪੁਰ ਚੌਂਕ ਨੇੜੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇੱਕ ਚਿੱਟੇ ਰੰਗ ਦਾ ਟਰੱਕ (ਨੰਬਰ HR64A-5376), ਜਿਸ ’ਤੇ ‘ਗਿੱਲ ਕੈਚ’ ਲਿਖਿਆ ਹੋਇਆ ਹੈ, ਵਿੱਚ ਨਸ਼ੇ ਦੀ ਵੱਡੀ ਖੇਪ ਲੱਦੀ ਹੋਈ ਹੈ। ਜਾਣਕਾਰੀ ਅਨੁਸਾਰ ਤਸਕਰਾਂ ਨੇ ਜਮਾਲਪੁਰ ਇਲਾਕੇ ਵਿੱਚ ਸਪਲਾਈ ਦੇਣ ਤੋਂ ਬਾਅਦ ਇਸ ਟਰੱਕ ਨੂੰ ਲਾਡੋਵਾਲ ਥਾਣੇ ਦੇ ਅਧੀਨ ਆਉਂਦੇ ਇੱਕ ਸੁੰਨਸਾਨ ਸਥਾਨ ’ਤੇ ਖੜ੍ਹਾ ਕੀਤਾ ਹੋਇਆ ਸੀ। ਸੂਚਨਾ ਮਿਲਦੇ ਹੀ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੱਸੇ ਸਥਾਨ ’ਤੇ ਛਾਪਾ ਮਾਰਿਆ। ਪੁਲੀਸ ਨੂੰ ਦੇਖ ਕੇ ਤਸਕਰ ਆਪਣੇ ਵਾਹਨ ਛੱਡ ਕੇ ਮੌਕੇ ਤੋਂ ਭੱਜ ਗਏ। ਤਲਾਸ਼ੀ ਦੌਰਾਨ ਟਰੱਕ ਵਿੱਚੋਂ ਚੂਰਾ-ਪੋਸਤ ਨਾਲ ਭਰੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮੌਕੇ ਤੋਂ ਤਿੰਨ ਹੋਰ ਲਗਜ਼ਰੀ ਵਾਹਨ—ਮਹਿੰਦਰਾ ਬੋਲੇਰੋ (PB10CC-3767), ਇਸੂਜ਼ੂ (PB11CF-1759) ਅਤੇ ਮਹਿੰਦਰਾ ਸਕਾਰਪੀਓ (PB13BS-2020)—ਵੀ ਜ਼ਬਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਇਹ ਵਾਹਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਸ਼ੇ ਦੀ ਛੋਟੀ ਖੇਪ ਸਪਲਾਈ ਕਰਨ ਲਈ ਵਰਤੇ ਜਾਣੇ ਸਨ। ਇੰਨੀ ਵੱਡੀ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਇਹ ਦਰਸਾਉਂਦੀ ਹੈ ਕਿ ਇਸ ਦੇ ਪਿੱਛੇ ਕੋਈ ਵੱਡਾ ਅੰਤਰ-ਰਾਜੀ ਗਿਰੋਹ ਸਰਗਰਮ ਹੋ ਸਕਦਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਲੁਧਿਆਣਾ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਇਸ ਦੀ ਸਪਲਾਈ ਕੀਤੀ ਜਾਣੀ ਸੀ।
Posted By: Daily Suraj Bureau