ਮਾਰਕ ਕਾਰਨੀ ਅੱਜ ਕਰਨਗੇ ਰਾਸ਼ਟਰੀ ਬਿਜਲੀ ਰਣਨੀਤੀ ਦਾ ਵੱਡਾ ਐਲਾਨ
ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਵੀਰਵਾਰ ਨੂੰ ਦੇਸ਼ ਦੀ ਨਵੀਂ “ਨੈਸ਼ਨਲ ਇਲੈਕਟ੍ਰਿਸਿਟੀ ਏਜੰਡਾ” ਰਣਨੀਤੀ ਦਾ ਐਲਾਨ ਕਰਨ ਜਾ ਰਹੇ ਹਨ। ਇਸ ਯੋਜਨਾ ਦਾ ਮੁੱਖ ਉਦੇਸ਼ ਸਾਲ 2050 ਤੱਕ ਕੈਨੇਡਾ ਦੀ ਬਿਜਲੀ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰਨਾ ਹੈ। ਸਰਕਾਰੀ ਸੂਤਰਾਂ ਮੁਤਾਬਕ ਇਹ ਯੋਜਨਾ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਪਾਵਰ ਗ੍ਰਿਡ ਵਿਸਥਾਰ ਵਜੋਂ ਵੇਖੀ ਜਾ ਰਹੀ ਹੈ। ਇਸ ਰਾਹੀਂ ਸਾਫ਼ ਊਰਜਾ ਵੱਲ ਬਦਲਾਅ ਨੂੰ ਉਤਸ਼ਾਹਿਤ ਕਰਦੇ ਹੋਏ ਲੋਕਾਂ ਲਈ ਬਿਜਲੀ ਨੂੰ ਹੋਰ ਸਸਤਾ ਅਤੇ ਭਰੋਸੇਯੋਗ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਵੀਂ ਯੋਜਨਾ ਨਾਲ ਸਾਲ 2050 ਤੱਕ ਦੇਸ਼ ਦੇ ਲਗਭਗ 70 ਫੀਸਦੀ ਘਰਾਂ ਦੇ ਊਰਜਾ ਖਰਚਿਆਂ ਵਿੱਚ ਕਮੀ ਆਵੇਗੀ। ਇਸਦੇ ਨਾਲ ਹੀ 2028 ਤੱਕ ਕਰੀਬ 30 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ 2050 ਤੱਕ ਇਹ ਗਿਣਤੀ ਇੱਕ ਲੱਖ ਹੋਰ ਰੋਜ਼ਗਾਰ ਮੌਕਿਆਂ ਤੱਕ ਪਹੁੰਚ ਸਕਦੀ ਹੈ। ਇਹ ਰਣਨੀਤੀ ਚਾਰ ਮੁੱਖ ਹਿੱਸਿਆਂ ‘ਤੇ ਆਧਾਰਿਤ ਹੋਵੇਗੀ। ਇਸ ਵਿੱਚ ਬਿਜਲੀ ਢਾਂਚੇ ਦਾ ਵਿਸਥਾਰ, ਦੇਸ਼ ਭਰ ਦੇ ਪਾਵਰ ਗ੍ਰਿਡਾਂ ਨੂੰ ਨਵੀਆਂ ਟ੍ਰਾਂਸਮਿਸ਼ਨ ਲਾਈਨਾਂ ਰਾਹੀਂ ਜੋੜਨਾ, ਤਕਨੀਕੀ ਕਰਮਚਾਰੀਆਂ ਦੀ ਭਰਤੀ ਅਤੇ ਘਰੇਲੂ ਪੱਧਰ ‘ਤੇ ਜ਼ਰੂਰੀ ਤਕਨਾਲੋਜੀ ਅਤੇ ਉਪਕਰਣਾਂ ਦਾ ਨਿਰਮਾਣ ਸ਼ਾਮਲ ਹੈ। ਇਸ ਐਲਾਨ ਤੋਂ ਇੱਕ ਦਿਨ ਬਾਅਦ ਫੈਡਰਲ ਸਰਕਾਰ ਅਤੇ ਹੋਰ ਧਿਰਾਂ ਵਿਚਕਾਰ ਉਦਯੋਗਿਕ ਕਾਰਬਨ ਕੀਮਤ ਸਬੰਧੀ ਇਕ ਮਹੱਤਵਪੂਰਨ ਸਮਝੌਤੇ ਦੀ ਵੀ ਉਮੀਦ ਜਤਾਈ ਜਾ ਰਹੀ ਹੈ। ਇਹ ਸਮਝੌਤਾ ਪੱਛਮੀ ਤਟ ਤੱਕ ਪਾਈਪਲਾਈਨ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਅਹਿਮ ਮੰਨਿਆ ਜਾ ਰਿਹਾ ਹੈ।
Posted By: Daily Suraj Bureau