Daily Suraj

ਪੰਜਾਬੀ

ਅਸਾਮ ਬਹੁ-ਵਿਆਹ ਪਾਬੰਦੀ ਬਿੱਲ, 2025 ਨੂੰ ਵਿਧਾਨ ਸਭਾ ਵਿੱਚ ਪਾਸ

28 Nov, 2025 09:39 PM

ਹੁਣ ਇੱਕ ਤੋਂ ਵੱਧ ਵਿਆਹ ਕਰਵਾਉਣ ‘ਤੇ ਹੋਵੇਗੀ ਜੇਲ੍ਹ! ਨਾਲ ਹੀ ਲੱਗੇਗਾ ਭਾਰੀ ਜੁਰਮਾਨਾ 
 


 

ਅਸਾਮ ਵਿੱਚ ਹੁਣ ਇੱਕ ਤੋਂ ਵੱਧ ਵਿਆਹ ਕਰਵਾਉਣਾ ਅਪਰਾਧ ਹੋਵੇਗਾ। ਅਸਾਮ ਵਿਧਾਨ ਸਭਾ ਨੇ ਵੀਰਵਾਰ ਨੂੰ ਬਹੁ-ਵਿਆਹ ‘ਤੇ ਪਾਬੰਦੀ ਲਗਾਉਣ ਵਾਲਾ ਇੱਕ ਇਤਿਹਾਸਕ ਬਿੱਲ ਪਾਸ (Assam Prohibition of Polygamy Bill, 2025) ਕੀਤਾ, ਜੋ ਕਿ ਰਾਜ ਵਿੱਚ ਇੱਕ ਵੱਡਾ ਕਾਨੂੰਨੀ ਬਦਲਾਅ ਹੈ। ਰਾਜ ਸਰਕਾਰ ਨੇ ਅਸਾਮ ਬਹੁ-ਵਿਆਹ ਪਾਬੰਦੀ ਬਿੱਲ, 2025 ਨੂੰ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ, ਬਹੁ-ਵਿਆਹ ਨੂੰ ਇੱਕ ਅਪਰਾਧ ਮੰਨਿਆ ਜਾਵੇਗਾ, ਅਤੇ ਕੈਦ ਵੀ ਹੋ ਸਕਦੀ ਹੈ।ਇਹ ਬਿੱਲ ਅੱਗੇ ਰਾਜਪਾਲ ਕੋਲ ਜਾਵੇਗਾ। ਇਹ ਬਿੱਲ ਕਦੋਂ ਲਾਗੂ ਹੋਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
 


 

ਇਸ ਨਵੇਂ ਬਿੱਲ ਦੇ ਅਨੁਸਾਰ, ਜੇ ਕੋਈ ਵਿਅਕਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ ਜਾਂ ਉਸਦਾ ਪਿਛਲਾ ਵਿਆਹ ਕਾਨੂੰਨੀ ਤੌਰ ‘ਤੇ ਖਤਮ ਨਹੀਂ ਹੋਇਆ ਹੈ ਅਤੇ ਵਿਅਕਤੀ ਫਿਰ ਵੀ ਦੂਜੀ ਵਾਰ ਵਿਆਹ ਕਰਦਾ ਹੈ,ਤਾਂ ਇਸਨੂੰ ਅਪਰਾਧ ਮੰਨਿਆ ਜਾਵੇਗਾ। ਇਸ ਦੀ ਸਜ਼ਾ ਸੱਤ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੈ, ਅਤੇ ਪੀੜਤ ਨੂੰ 1.40 ਲੱਖ ਰੁਪਏ ਦਾ ਮੁਆਵਜ਼ਾ ਦਾ ਵੀ ਪ੍ਰਬੰਧ ਹੈ। ਜੇਕਰ ਕੋਈ ਵਿਅਕਤੀ ਆਪਣੇ ਮੌਜੂਦਾ ਵਿਆਹ ਨੂੰ ਲੁਕਾਉਂਦੇ ਹੋਏ ਦੂਜਾ ਵਿਆਹ ਕਰਵਾਉਂਦਾ ਹੈ, ਤਾਂ ਉਸਨੂੰ 10 ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਵਾਰ ਵਾਰ ਅਪਰਾਧ ਕਰਨ ‘ਤੇ ਸਜ਼ਾ ਦੁੱਗਣੀ ਹੋ ਜਾਵੇਗੀ।
 


 

ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇਸਨੂੰ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਇਤਿਹਾਸਕ ਕਦਮ ਦੱਸਿਆ ਅਤੇ ਭਰੋਸਾ ਦਿੱਤਾ ਕਿ ਜੇਕਰ ਉਹ ਅਗਲੇ ਕਾਰਜਕਾਲ ਵਿੱਚ ਦੁਬਾਰਾ ਮੁੱਖ ਮੰਤਰੀ ਬਣਦੇ ਹਨ, ਤਾਂ ਰਾਜ ਵਿੱਚ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਾਗੂ ਕੀਤਾ ਜਾਵੇਗਾ।

Posted By: Daily Suraj Bureau

Latest News