Daily Suraj

ਪੰਜਾਬੀ

ਦੱਖਣੀ ਓਨਟਾਰੀਓ ਸਰਹੱਦ ’ਤੇ 13.8 ਮਿਲੀਅਨ ਡਾਲਰ ਦਾ ਗੈਰਕਾਨੂੰਨੀ ਤੰਬਾਕੂ ਜ਼ਬਤ

05 Sep, 2026 10:09 AM

ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਦੇ ਅਧਿਕਾਰੀਆਂ ਨੇ ਅਗਸਤ ਮਹੀਨੇ ਦੌਰਾਨ ਦੱਖਣੀ ਓਨਟਾਰੀਓ ਦੀਆਂ ਸਰਹੱਦੀ ਚੌਕੀਆਂ ਤੋਂ 13.8 ਮਿਲੀਅਨ ਡਾਲਰ ਤੋਂ ਵੱਧ ਕੀਮਤ ਦਾ ਗੈਰਕਾਨੂੰਨੀ ਤੰਬਾਕੂ ਅਤੇ ਨਿਕੋਟੀਨ ਸਮਾਨ ਜ਼ਬਤ ਕੀਤਾ ਹੈ। ਅਧਿਕਾਰੀਆਂ ਮੁਤਾਬਕ, ਜ਼ਿਆਦਾਤਰ ਮਾਮਲਿਆਂ ਵਿੱਚ ਅਮਰੀਕਾ ਤੋਂ ਕੈਨੇਡਾ ਵਿੱਚ ਦਾਖ਼ਲ ਹੋ ਰਹੀਆਂ ਵੱਡੀਆਂ ਵਪਾਰਕ ਖੇਪਾਂ ਨੂੰ ਰੋਕਿਆ ਗਿਆ। ਏਜੰਸੀ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਨਾਲ ਗੈਰਕਾਨੂੰਨੀ ਤੰਬਾਕੂ ਅਤੇ ਨਿਕੋਟੀਨ ਉਤਪਾਦਾਂ ਨੂੰ ਕੈਨੇਡੀਅਨ ਬਾਜ਼ਾਰ ਵਿੱਚ ਪਹੁੰਚਣ ਤੋਂ ਰੋਕਿਆ ਗਿਆ ਹੈ। ਸੀਬੀਐਸਏ ਮੁਤਾਬਕ, ਗੈਰਕਾਨੂੰਨੀ ਤੰਬਾਕੂ ਦੇ ਕਾਰੋਬਾਰ ਤੋਂ ਹੋਣ ਵਾਲੀ ਕਮਾਈ ਅਕਸਰ ਸੰਗਠਿਤ ਅਪਰਾਧ ਨਾਲ ਜੁੜੀਆਂ ਹੋਰ ਗਤੀਵਿਧੀਆਂ ਨੂੰ ਵਧਾਉਣ ਲਈ ਵਰਤੀ ਜਾਂਦੀ ਹੈ। 20 ਅਗਸਤ ਨੂੰ ਅਧਿਕਾਰੀਆਂ ਨੇ ਬਲੂ ਵਾਟਰ ਬ੍ਰਿਜ ਉੱਤੇ 14,964 ਕਿਲੋਗ੍ਰਾਮ ਖੁੱਲ੍ਹਾ ਤੰਬਾਕੂ ਜ਼ਬਤ ਕੀਤਾ, ਜਿਸ ਦੀ ਕੀਮਤ ਲਗਭਗ 27 ਲੱਖ 65 ਹਜ਼ਾਰ 969 ਡਾਲਰ ਦੱਸੀ ਗਈ। ਇਸੇ ਥਾਂ ’ਤੇ 14 ਅਗਸਤ ਨੂੰ 15,222 ਕਿਲੋਗ੍ਰਾਮ ਖੁੱਲ੍ਹਾ ਤੰਬਾਕੂ ਜ਼ਬਤ ਕੀਤਾ ਗਿਆ ਸੀ, ਜਿਸ ਦੀ ਕੀਮਤ ਕਰੀਬ 28 ਲੱਖ 9 ਹਜ਼ਾਰ 921 ਡਾਲਰ ਸੀ। 17 ਅਗਸਤ ਨੂੰ ਅੰਬੈਸਡਰ ਬ੍ਰਿਜ ਤੋਂ 17 ਲੱਖ 81 ਹਜ਼ਾਰ ਸਿਗਰਟਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 3 ਲੱਖ 33 ਹਜ਼ਾਰ 189 ਡਾਲਰ ਸੀ। 11 ਅਗਸਤ ਨੂੰ ਬਲੂ ਵਾਟਰ ਬ੍ਰਿਜ ਤੋਂ 2,796 ਕਿਲੋਗ੍ਰਾਮ ਨਿਕੋਟੀਨ ਪਾਊਚ ਵੀ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਕੀਮਤ ਲਗਭਗ 29 ਲੱਖ 83 ਹਜ਼ਾਰ 499 ਡਾਲਰ ਸੀ। ਇਸ ਤੋਂ ਇਲਾਵਾ, ਪੀਸ ਬ੍ਰਿਜ ਤੋਂ 3,000 ਕਿਲੋਗ੍ਰਾਮ ਹੁੱਕਾ ਤੰਬਾਕੂ ਅਤੇ ਕੁਈਨਸਟਨ ਬ੍ਰਿਜ ਤੋਂ 7,658 ਕਿਲੋਗ੍ਰਾਮ ਨਿਕੋਟੀਨ ਤੇ ਤੰਬਾਕੂ ਉਤਪਾਦ ਜ਼ਬਤ ਕੀਤੇ ਗਏ। ਸੀਬੀਐਸਏ ਮੁਤਾਬਕ, ਦੱਖਣੀ ਓਨਟਾਰੀਓ ਖੇਤਰ ਵਿੱਚ ਪਹਿਲੀ ਜਨਵਰੀ 2026 ਤੋਂ ਹੁਣ ਤੱਕ 52.2 ਮਿਲੀਅਨ ਡਾਲਰ ਤੋਂ ਵੱਧ ਕੀਮਤ ਦਾ ਤੰਬਾਕੂ ਅਤੇ ਨਿਕੋਟੀਨ ਸਮਾਨ ਜ਼ਬਤ ਕੀਤਾ ਜਾ ਚੁੱਕਾ ਹੈ।

Posted By: Daily Suraj Bureau

Latest News