ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਅੱਜ ਤੋਂ ਮੁੜ ਹੋਵੇਗੀ ਸ਼ੁਰੂ, ਜਾਣੋ ਨਵਾਂ ਰੂਟ ਅਤੇ ਸਮਾਂ-ਸਾਰਣੀ
ਅੰਮ੍ਰਿਤਸਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈਸ (ਟ੍ਰੇਨ ਨੰਬਰ 26405/26406) ਦੀਆਂ ਸੇਵਾਵਾਂ ਅੱਜ ਤੋਂ ਮੁੜ ਸ਼ੁਰੂ ਹੋ ਰਹੀਆਂ ਹਨ। ਰੇਲਵੇ ਵੱਲੋਂ ਜਾਰੀ ਕੀਤੀ ਗਈ ਸੋਧੀ ਹੋਈ ਸਮਾਂ-ਸਾਰਣੀ ਅਨੁਸਾਰ ਹੁਣ ਇਹ ਟ੍ਰੇਨ ਪਠਾਨਕੋਟ ਕੈਂਟ ਦੀ ਥਾਂ ਗੁਰਦਾਸਪੁਰ ਅਤੇ ਬਟਾਲਾ ਰਾਹੀਂ ਆਪਣਾ ਸਫ਼ਰ ਤੈਅ ਕਰੇਗੀ। ਇਸ ਤੋਂ ਪਹਿਲਾਂ ਟ੍ਰੇਨ ਦਾ ਰੂਟ ਅੰਮ੍ਰਿਤਸਰ, ਬਿਆਸ, ਜਲੰਧਰ ਸ਼ਹਿਰ, ਪਠਾਨਕੋਟ ਕੈਂਟ ਅਤੇ ਜੰਮੂ ਰਾਹੀਂ ਨਿਰਧਾਰਤ ਸੀ। ਨਵੇਂ ਰੂਟ ਤਹਿਤ ਯਾਤਰੀਆਂ ਨੂੰ ਗੁਰਦਾਸਪੁਰ ਅਤੇ ਬਟਾਲਾ ਰਾਹੀਂ ਵੀ ਸਿੱਧੀ ਕਨੈਕਟੀਵਿਟੀ ਮਿਲੇਗੀ। ਰੇਲਵੇ ਅਧਿਕਾਰੀਆਂ ਦੇ ਅਨੁਸਾਰ, ਟ੍ਰੇਨ ਨੰਬਰ 26405 ਅੱਜ 16 ਜੂਨ ਨੂੰ ਅੰਮ੍ਰਿਤਸਰ ਤੋਂ ਆਪਣੀ ਸੇਵਾ ਸ਼ੁਰੂ ਕਰੇਗੀ, ਜਦਕਿ ਟ੍ਰੇਨ ਨੰਬਰ 26406 17 ਜੂਨ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਚੱਲੇਗੀ। ਇਹ ਆਧੁਨਿਕ ਅੱਠ ਡੱਬਿਆਂ ਵਾਲੀ ਵੰਦੇ ਭਾਰਤ ਐਕਸਪ੍ਰੈਸ ਹਫ਼ਤੇ ਵਿੱਚ ਛੇ ਦਿਨ ਚੱਲੇਗੀ ਅਤੇ ਮੰਗਲਵਾਰ ਨੂੰ ਇਸ ਦੀ ਸੇਵਾ ਉਪਲਬਧ ਨਹੀਂ ਹੋਵੇਗੀ। ਟ੍ਰੇਨ ਦੀ ਸਮਾਂ-ਸਾਰਣੀ ਅੰਮ੍ਰਿਤਸਰ ਤੋਂ ਕਟੜਾ (ਟ੍ਰੇਨ ਨੰਬਰ 26405): ਟ੍ਰੇਨ ਸ਼ਾਮ 4:25 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਰਾਤ 10:00 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਰਸਤੇ ਵਿੱਚ ਇਹ ਬਟਾਲਾ, ਛੀਨਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਸਟੇਸ਼ਨਾਂ 'ਤੇ ਹੋ ਕੇ ਗੁਜ਼ਰੇਗੀ। ਕਟੜਾ ਤੋਂ ਅੰਮ੍ਰਿਤਸਰ (ਟ੍ਰੇਨ ਨੰਬਰ 26406): ਵਾਪਸੀ ਦੌਰਾਨ ਟ੍ਰੇਨ ਸਵੇਰੇ 6:40 ਵਜੇ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 11:40 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਦੌਰਾਨ ਟ੍ਰੇਨ ਜੰਮੂ ਤਵੀ, ਪਠਾਨਕੋਟ, ਗੁਰਦਾਸਪੁਰ, ਛੀਨਾ ਅਤੇ ਬਟਾਲਾ ਜੰਕਸ਼ਨ ਰਾਹੀਂ ਆਪਣਾ ਸਫ਼ਰ ਪੂਰਾ ਕਰੇਗੀ।
Posted By: Daily Suraj Bureau