Daily Suraj

ਪੰਜਾਬੀ

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ 'ਚ ਸੁਖਬੀਰ ਬਾਦਲ ਤੇ ਭਾਜਪਾ ਆਗੂਆਂ ਦੀ ਤਸਵੀਰ ਵਾਇਰਲ; ਸਿਆਸੀ ਗਲਿਆਰਿਆਂ 'ਚ ਚਰਚਾ ਤੇਜ਼

29 Oct, 2026 05:27 PM

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂਆਂ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰ ਚੰਡੀਗੜ੍ਹ ਵਿਖੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ ਸਮਾਗਮ ਦੌਰਾਨ ਖਿੱਚੀ ਗਈ ਹੈ। ਦੋਵਾਂ ਪਾਰਟੀਆਂ ਵਿਚਾਲੇ ਮੁੜ ਗੱਠਜੋੜ ਹੋਣ ਦੀਆਂ ਚੱਲ ਰਹੀਆਂ ਅਟਕਲਾਂ ਦਰਮਿਆਨ ਇਸ ਤਸਵੀਰ ਨੇ ਪੰਜਾਬ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਵਾਇਰਲ ਹੋਈ ਇਸ ਤਸਵੀਰ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਅਤੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਨਜ਼ਰ ਆ ਰਹੇ ਹਨ। ਇਹਨਾਂ ਤੋਂ ਇਲਾਵਾ ਭਾਜਪਾ ਦੇ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਬੀਰ ਸਿੰਘ ਬਰਾੜ, ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਮਰਪਾਲ ਸਿੰਘ ਬੀਨੂ ਅਜਨਾਲਾ ਅਤੇ ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਵੀ ਇਸ ਖ਼ਾਸ ਪਲ਼ ਦੌਰਾਨ ਮੌਜੂਦ ਸਨ। ਵਿਆਹ ਦੀ ਰਿਸੈਪਸ਼ਨ ਵਿੱਚ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਆਗੂ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਆਪਸ ਵਿੱਚ ਚਚੇਰੇ ਭਰਾ ਹਨ, ਜਿਸ ਕਾਰਨ ਇਹ ਮੁੱਖ ਤੌਰ ’ਤੇ ਇੱਕ ਪਰਿਵਾਰਕ ਸਮਾਗਮ ਸੀ। ਹਾਲਾਂਕਿ, ਸਾਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਇਕੱਠੇ ਹੋਣ ਦੀਆਂ ਚਰਚਾਵਾਂ ਪਹਿਲਾਂ ਹੀ ਗਰਮ ਹਨ। ਅਜਿਹੇ ਮਾਹੌਲ ਵਿੱਚ ਭਾਜਪਾ ਦੇ ਸਿਖ਼ਰਲੇ ਆਗੂਆਂ ਨਾਲ ਸੁਖਬੀਰ ਬਾਦਲ ਦੀ ਇਸ ਤਸਵੀਰ ਨੇ ਸੰਭਾਵੀ ਸਿਆਸੀ ਗੱਠਜੋੜ ਦੀਆਂ ਅਟਕਲਾਂ ਨੂੰ ਹੋਰ ਬਲ ਦਿੱਤਾ ਹੈ, ਭਾਵੇਂ ਕਿ ਇਸ ਤਸਵੀਰ ਤੋਂ ਕਿਸੇ ਰਸਮੀ ਫ਼ੈਸਲੇ ਦੀ ਪੁਸ਼ਟੀ ਨਹੀਂ ਹੁੰਦੀ। ਉਲੇਖਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਹਾਕਿਆਂ ਤੱਕ ਪੰਜਾਬ ਵਿੱਚ ਮਜ਼ਬੂਤ ਸਿਆਸੀ ਭਾਈਵਾਲ ਰਹੇ ਹਨ। ਸਾਲ 2020 ਵਿੱਚ ਕੇਂਦਰ सरकार ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਭਾਜਪਾ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ। ਹਾਲਾਂਕਿ ਬਾਅਦ ਵਿੱਚ ਕੇਂਦਰ ਵੱਲੋਂ ਇਹ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਸਨ। ਗੱਠਜੋੜ ਟੁੱਟਣ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ ਹਨ, ਪਰ ਸਮੇਂ-ਸਮੇਂ 'ਤੇ ਮੁੜ ਇਕੱਠੇ ਹੋਣ ਦੀਆਂ ਸਿਆਸੀ ਚਰਚਾਵਾਂ ਚੱਲਦੀਆਂ ਰਹੀਆਂ ਹਨ। ਫਿਲਹਾਲ ਦੋਵਾਂ ਪਾਰਟੀਆਂ ਦੇ ਉੱਚ ਅਧਿਕਾਰੀਆਂ ਵੱਲੋਂ ਮੁੜ ਗੱਠਜੋੜ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

Latest News