Daily Suraj

ਪੰਜਾਬੀ

ਮੁੰਬਈ ਦੀ 12 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ, 2 ਦੀ ਮੌਤ ਤੇ 8 ਜ਼ਖਮੀ

12 Aug, 2026 10:11 AM

ਮੁੰਬਈ ਦੇ ਚਰਚ ਰੋਡ ਇਲਾਕੇ ਵਿੱਚ ਇੱਕ 12 ਮੰਜ਼ਿਲਾ ਇਮਾਰਤ ਦੀ 11ਵੀਂ ਮੰਜ਼ਿਲ ’ਤੇ ਬੁੱਧਵਾਰ ਨੂੰ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਵਿਲੇ ਪਾਰਲੇ ਵਿੱਚ ਇੱਕ ਸਕੂਲ ਦੇ ਨੇੜੇ ਸਥਿਤ ‘ਸ਼ਾਂਤਾ ਭਵਨ’ ਇਮਾਰਤ ਵਿੱਚ ਵਾਪਰੀ। ਫਾਇਰ ਅਫਸਰ ਵੀ. ਭੋਸਲੇ ਮੁਤਾਬਕ ਅੱਗ ’ਤੇ ਕਾਬੂ ਪਾਉਣ ਲਈ 8 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਅੱਗ ਦੌਰਾਨ ਇਮਾਰਤ ਦੀ ਛੱਤ ’ਤੇ ਫਸੇ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬ੍ਰਿਹਨਮੁੰਬਈ ਨਗਰ ਨਿਗਮ (BMC) ਦੇ ਅਧਿਕਾਰੀਆਂ ਅਨੁਸਾਰ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ 2 ਸਾਲਾ ਅਬੀਰ ਅਤੇ 23 ਸਾਲਾ ਅੰਕਿਤਾ ਵਜੋਂ ਹੋਈ ਹੈ। ਅੱਗ ਵਿੱਚ ਜ਼ਖਮੀ ਹੋਏ ਅੱਠ ਲੋਕਾਂ ਵਿੱਚੋਂ ਦੋ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਮੁੰਬਈ ਦੇ ਬਾਈਕੁਲਾ ਪੁਲੀਸ ਥਾਣੇ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਇੱਕ ਕਮਰੇ ਵਿੱਚ ਵੀ ਅੱਗ ਲੱਗ ਗਈ ਸੀ। ਅੱਗ ਤੇਜ਼ੀ ਨਾਲ ਨਾਲ ਲੱਗਦੇ ਕਮਰਿਆਂ ਤੱਕ ਫੈਲ ਗਈ ਸੀ। ਹਾਲਾਂਕਿ ਉਸ ਘਟਨਾ ਵਿੱਚ ਕਿਸੇ ਦੀ ਜਾਨ ਨਹੀਂ ਗਈ ਅਤੇ ਨਾ ਹੀ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਇਆ।

Posted By: Daily Suraj Bureau

Latest News